Saturday, May 18, 2024
Homeਧਰਮਧਾਰਮਿਕ ਵਿਰਾਸਤੀ ਧਰੋਹਰ : ਪ੍ਰਾਚੀਨ ਸ਼ਿਵ ਮੰਦਰ ਕਲਾਨੌਰ

ਧਾਰਮਿਕ ਵਿਰਾਸਤੀ ਧਰੋਹਰ : ਪ੍ਰਾਚੀਨ ਸ਼ਿਵ ਮੰਦਰ ਕਲਾਨੌਰ

ਇਤਿਹਾਸਕ ਤੇ ਪ੍ਰਸਿੱਧ ਕਸਬਾ ਕਲਾਨੌਰ, ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਹੈ, ਜੋ ਗੁਰਦਾਸਪੁਰ ਤੋਂ ਕਰੀਬ 26 ਕਿੱਲੋਮੀਟਰ ਪੱਛਮ ਵੱਲ ਪਾਕਿਸਤਾਨ ਦੀ ਸਰਹੱਦ ਕੋਲ ਹੈ। ਇਸ ਦੀ ਅਹਿਮ ਪਛਾਣ ਪ੍ਰਾਚੀਨ ਸ਼ਿਵ ਮੰਦਰ ਤੋਂ ਇਲਾਵਾ ਮੁਗ਼ਲ ਸਮਰਾਟ ਅਕਬਰ ਦੀ 1556 ’ਚ ਇੱਥੇ ਤਾਜਪੋਸ਼ੀ ਹੋਣ, ਬਾਬਾ ਬੰਦਾ ਸਿੰਘ ਬਹਾਦਰ ਦੀ ਚਰਣ ਛੋਹ ਪ੍ਰਾਪਤ ਹੋਣ ਅਤੇ ਬਾਵਾ ਲਾਲ ਜੀ ਦਾ ਤਪ ਅਸਥਾਨ ਹੋਣ ਕਰਕੇ ਵਧੇਰੇ ਮਕਬੂਲ ਹੈ।
ਇਤਿਹਾਸਕ ਸਰੋਤਾਂ ’ਚ ਇਹ ਇਕ ਪੁਰਾਣਾ ਸ਼ਹਿਰ ਅਤੇ ਹਿੰਦੂਆਂ ਦੀ ਆਸਥਾ ਦਾ ਕੇਂਦਰ ਹੈ, ਜਿਸ ਦਾ ਨਾਮਕਰਨ ਕੁੱਲਾ ਅਤੇ ਨੂਰਾ ਨਾਮਕ ਦੋ ਵਿਅਕਤੀਆਂ ਦੇ ਨਾਮ ਨੂੰ ਮਿਲਾ ਕੇ ਕਲਾਨੌਰ ਰੱਖਿਆ ਗਿਆ। ਅਠਾਰ੍ਹਵੀਂ ਸਦੀ ਵਿੱਚ ਮੁਗਲਾਂ ਦੇ ਅੱਤਿਆਚਾਰਾਂ ਵਿਰੁੱਧ ਸੰਘਰਸ਼ ਵਿੱਢਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿਚ ਸਰਹਿੰਦ ਨੂੰ ਜਿੱਤ ਕੇ ਫ਼ਤਿਹ ਦੇ ਨਗਾਰੇ ਨਾਲ ਖ਼ਾਲਸਾਈ ਨਿਸ਼ਾਨ ਝੁਲਾਉਂਦਿਆਂ ਸਿੱਖ ਰਾਜ ਦੀ ਨੀਂਹ ਰੱਖੀ, ਉਸ ਵਕਤ ਅਨੇਕਾਂ ਖੇਤਰਾਂ ਉਪਰੰਤ ਕਲਾਨੌਰ ’ਤੇ ਵੀ ਕਬਜ਼ਾ ਜਮਾਲਿਆ ਗਿਆ ਸੀ।
ਪੂਰੇ ਭਾਰਤ ਵਿੱਚ ਭਗਵਾਨ ਸ਼ੰਕਰ ਦੇ ਜਿਉਤਿਰਲਿੰਗਾਂ ਦੇ ਤਿੰਨ ਪ੍ਰਮੁੱਖ ਸਥਾਨ ਕੈਲਾਸ਼, ਕਾਂਸੀ ਅਤੇ ਕਲਾਨੌਰ ਵਿੱਚ ਹਨ। ਇਸ ਮੰਦਰ ਵਿਚ ਸ਼ਿਵਲਿੰਗ ਲੇਟੀ ਹੋਈ ਅਵਸਥਾ ’ਚ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਾ ਆਕਾਰ ਲਗਾਤਾਰ ਵੱਧ ਰਿਹਾ ਹੈ । ਪ੍ਰਾਚੀਨ ਸ਼ਿਵ ਮੰਦਿਰ ਬਹੁਤ ਵੱਡੀ ਚੱਟਾਨ ਦੇ ਰੂਪ ਵਿਚ ਬਣਿਆ ਹੋਇਆ ਹੈ। ਇਸ ਦਾ ਬਹੁਤ ਹਿੱਸਾ ਜ਼ਮੀਨ ‘ਚ ਹੀ ਦੱਬਿਆ ਪਿਆ ਹੈ। 1388 ਈ. ਵਿੱਚ ਇਸ ਮੰਦਰ ਨੂੰ ਮਹਾਂਕਲੇਸ਼ਵਰ ਵੀ ਕਿਹਾ ਜਾਂਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸ਼ਿਵ ਪੁੱਤਰਾਂ ਕ੍ਰਾਤਿਕ ਅਤੇ ਗਣੇਸ਼ ਵਿਚ ਗੱਦੀ ਨੂੰ ਲੈ ਕੇ ਝਗੜਾ ਹੋਇਆ ਤਾਂ ਕ੍ਰਾਤਿਕ ਅਚੱਲ ਸਾਹਿਬ ਬਟਾਲੇ ਦੇ ਨੇੜੇ ਆ ਕੇ ਰਹਿਣ ਲਗ ਪਿਆ। ਤਾਂ ਸ਼ਿਵ ਜੀ ਦੇਵਤਿਆਂ ਦੇ ਕਹਿਣ ‘ਤੇ ਉਸ ਨੂੰ ਸਮਝਾਉਣ ਵਾਸਤੇ ਇੱਥੇ ਆਏ ਅਤੇ ਠਹਿਰੇ । ਸਥਾਨਕ ਮਾਨਤਾ ਅਨੁਸਾਰ ਇਸ ਪੁਰਾਣੇ ਮੰਦਿਰ ਨੂੰ ਖ਼ਿਲਜੀ ਵਰਗੇ ਹਮਲਾਵਰਾਂ ਨੇ ਢਾਹ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਦੇ ਸਮੇਂ ਸੈਨਿਕਾਂ ਦੇ ਘੋੜੇ ਮੰਦਰ ਅਸਥਾਨ ਉੱਤੋਂ ਜਿਹੜੇ ਲੰਘਦੇ ਸਨ , ਉਹ ਇਸ ਜਿਉਤਰਲਿੰਗ ਨਾਲ ਟਕਰਾ ਕੇ ਅੰਨ੍ਹੇ- ਲੰਗੜੇ ਹੋ ਜਾਂਦੇ ਸਨ । ਇਹ ਸੁਣ ਕੇ ਪਰਖਣ ਲਈ ਅਕਬਰ ਵੀ ਏਥੇ ਆਇਆ ਅਤੇ ਉਸ ਦਾ ਘੋੜਾ ਦੀ ਅੰਨ੍ਹਾ ਹੋ ਗਿਆ, ਜਿਸ ਕਾਰਨ ਅਕਬਰ ਨੇ ਇਸ ਜਗ੍ਹਾ ਦੀ ਖ਼ੁਦਾਈ ਕਰਵਾਈ ਤਾਂ ਹੇਠੋਂ ਜਿਉਤਿਰਲਿੰਗ ਨਿਕਲਿਆ । ਉਸ ਨੇ ਪੰਡਤਾਂ ਦੇ ਕਹਿਣ ਤੇ ਪੂਜਾ ਕਰਵਾ ਕੇ ਮੰਦਰ ਦੀ ਸਥਾਪਨਾ ਕੀਤੀ। ਅਕਬਰ  ਦੇ ਸਮੇਂ ਇਸ ਦੀ ਬਣਤਰ ਅੰਦਰੋਂ ਮੰਦਰ ਅਤੇ ਬਾਹਰੋਂ ਮੁਗ਼ਲਈ ਇਮਾਰਤਸਾਜ਼ੀ ਵਾਲੀ ਸੀ । ਮੁਗ਼ਲ ਸਮਰਾਟ ਸ਼ਾਹਜਹਾਂ ਦੇ ਰਾਜ ਸਮੇਂ ਕੱਟੜਪੰਥੀਆਂ ਨੇ ਇੱਥੇ ਮੰਦਰ ਨੂੰ ਢਾਹ ਕੇ ਮਸਜਿਦ ਉਸਾਰ ਦਿੱਤੀ ਗਈ । ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੂਰ ਤਕ ਫੈਲਿਆ ਤਾਂ ਕਲਾਨੌਰ ਵੀ ਖ਼ਾਲਸਾ ਰਾਜ ਦੇ ਅਧੀਨ ਆਗਿਆ। ਉਸ ਵਕਤ ਇੱਥੋਂ ਦੇ ਹਿੰਦੂ ਸ਼ਰਧਾਲੂਆਂ ਨੇ ਮਹਾਰਾਜੇ ਨੂੰ ਪ੍ਰਾਚੀਨ ਸ਼ਿਵ ਮੰਦਰ ਦੀ ਪੂਰੀ ਵਿਥਿਆ ਸੁਣਾਈ। ਮਹਾਰਾਜੇ ਨੇ ਪੂਰੀ ਪੜਤਾਲ ਕਰਨ ਉਪਰੰਤ ਪਾਇਆ ਕਿ ਇੱਥੇ ਸੱਚ ਵਿਚ ਮੰਦਰ ਸੀ ਤਾਂ ਉਨ੍ਹਾਂ ਮੁਸਲਮਾਨਾਂ ਨੂੰ ਮਸਜਿਦ ਉਸਾਰਨ ਲਈ ਹੋਰ ਥਾਂ ਜ਼ਮੀਨ ਅਤੇ ਗਰਾਂਟ ਦਿੱਤੀ ਅਤੇ ਇੱਥੇ ਸ਼ਿਵ ਮੰਦਰ ਦਾ ਮੁੜ ਨਿਰਮਾਣ ਕਰਾਇਆ ਗਿਆ। ਮੰਦਰ ਦੇ ਦੱਖਣੀ ਦੁਆਰ ’ਤੇ ਲੱਗੇ ਸ਼ਿਲਾਲੇਖ ਤੋਂ ਪਤਾ ਚਲਦਾ ਹੈ ਕਿ ਮੰਦਰ ਦਾ ਪੁਨਰ ਨਿਰਮਾਣ ਮਹਾਰਾਜਾ ਖੜਕ ਸਿੰਘ ਦੇ ਸਮੇਂ ਮੁਕੰਮਲ ਹੋਇਆ। ਪਿਛਲੀ ਸਰਕਾਰ ਸਮੇਂ ਇਸ ਮੰਦਰ ਦੀ ਇਮਾਰਤ ਦੀ ਨੁਹਾਰ ਨੂੰ ਬਦਲ ਕੇ ਸੁੰਦਰ ਰੂਪ ਪ੍ਰਦਾਨ ਕੀਤਾ ਹੈ। ਮੰਦਰ ਦੀ ਦੇਖਭਾਲ ਸੇਵਾ ਸੰਭਾਲ ਮੰਦਰ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।
ਕਲਾਨੌਰ ਸ਼ਿਵ ਮੰਦਿਰ ਵਿਚ ਨਾਥ ਪਰੰਪਰਾ ਵੀ ਚੱਲੀ ਆ ਰਹੀ ਹੈ। ਸ਼ਿਵ ਮੰਦਿਰ ਦੀ ਗੱਦੀ ਗੁਰੂ ਗੋਰਖ ਨਾਥ ਪੰਥ ਦੇ ਜੋਗੀਆਂ ਤੋਂ ਚਲੀ ਆ ਰਹੀ ਹੈ।ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਅਨੇਕਾਂ ਧਾਰਮਿਕ ਰਸਮਾਂ ਅਤੇ ਪੂਜਾ ਵਿਧੀਆਂ ਪ੍ਰਚਲਿਤ ਹਨ।  ਕੁਝ ਵਿਸ਼ੇਸ਼ ਤਿੱਥਾਂ ਅਤੇ ਤਿਉਹਾਰਾਂ ਨੂੰ ਕਲਾਨੌਰ ਮੰਦਿਰ ਵਿਚ ਸ਼ਿਵ ਪੂਜਾ ਅਰਚਨਾ ਖ਼ਾਸ ਢੰਗ ਨਾਲ ਕੀਤੀ ਜਾਂਦੀ ਹੈ।  ਕਲਾਨੌਰ ਮੰਦਿਰ ਵਿਚ ਵੀ ਸ਼ਿਵ ਦੀ ਪੂਜਾ ਆਮ ਤੌਰ ਤੇ ਸ਼ਿਵਲਿੰਗ ਦੇ ਰੂਪ ਵਿਚ ਕੀਤੀ ਜਾਂਦੀ ਹੈ। ਸ਼ਿਵ ਉਸਤਤ ਵਿਚ ਕਈ ਪ੍ਰਕਾਰ ਦੇ ਭਜਨਾਂ ਦਾ ਗਾਇਣ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਯੱਗ ਅਤੇ ਹਵਨ ਕੀਤੇ ਜਾਂਦੇ ਹਨ। ਕਲਾਨੌਰ ਮੰਦਿਰ ਵਿਚ ਸਮੇਂ-ਸਮੇਂ ਤੇ ਆਰਤੀ ਕੀਤੀ ਜਾਂਦੀ ਹੈ। ਕਲਾਨੌਰ ਮੰਦਿਰ ਵਿਚ ਪਿੱਪਲ ਤੇ ਬੋਹੜ ਦੇ ਦਰੱਖਤ ਹਨ। ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਕਲਾਨੌਰ ਮੰਦਿਰ ਵਿਚ ਪੂਜਾ ਦੀ ਧੂਣੀ ਦੀ ਪਰੰਪਰਾ ਤੋਂ ਪਤਾ ਲਗਦਾ ਹੈ ਕਿ ਇਸ ਆਧੁਨਿਕ ਯੁੱਗ ਵਿਚ ਧਰਮ ਦਾ ਮਹੱਤਵ ਘਟਿਆ ਨਹੀਂ ਸਗੋਂ ਵਧਿਆ ਹੈ। ਇਸ ਪ੍ਰਾਚੀਨ ਸ਼ਿਵ ਮੰਦਰ ਵਿਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਪੂਰੇ ਦੇਸ਼ ਵਿੱਚੋਂ ਸ਼ਿਵ ਭਗਤ ਆਉਂਦੇ ਹਨ ਅਤੇ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਨਤਮਸਤਕ ਤੇ ਦਰਸ਼ਨ ਕਰਦੇ ਹਨ। ਉਹ ਧਤੂਰਾ, ਭੰਗ, ਸੰਧੂਰ, ਬੇਲ ਪੱਤਰ, ਫੁੱਲ, ਚੁੰਨੀ, ਦਹੀਂ ਤੇ ਕੱਚੀ ਲੱਸੀ ਸ਼ਿਵਲਿੰਗ ’ਤੇ ਅਰਪਿਤ ਕਰਦੇ ਅਤੇ ਵਿਭਿੰਨ ਪਕਵਾਨਾਂ ਦੇ ਲੰਗਰ ਲਗਵਾਉਂਦੇ ਹਨ । ਇਸ ਮੰਦਿਰ ਵਿਚ ਆਉਣ ਵਾਲੇ ਲੋਕਾਂ ਦਾ ਵਿਸ਼ਵਾਸ ਬਣ ਗਿਆ ਹੈ ਕਿ ਸ਼ਿਵ ਪੂਜਾ ਦੁਆਰਾ ਉਨ੍ਹਾਂ ਦੀਆਂ ਜੀਵਨ ਵਿਚਲੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ।

ਡਾ. ਰੁਪਿੰਦਰਜੀਤ ਗਿੱਲ ਐਸੋਸੀਏਟ ਪ੍ਰੋਫੈਸਰ – ਪੰਜਾਬੀ ਵਿਭਾਗ, ਆਰੀਆ ਕਾਲਜ, ਪਠਾਨਕੋਟ ਫ਼ੋਨ : 78887868

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments