ਵਾਸ਼ਿੰਗਟਨ : ਡੋਨਾਲਡ ਟਰੰਪ ਨੇ ਪਿੱਛਲੇ ਦਿਨੀ ਆਪਣੀ ਟੀਮ ਵਿਚ ਐਲੋਨ ਮਸਕ ਨੂੰ ਵੀ ਸ਼ਾਮਲ ਕੀਤਾ ਸੀ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਇਲਜ਼ਾਮ ਲਗਾ ਰਹੇ ਹਨ ਕਿ ਇਸ ਸਰਕਾਰ ਵਿੱਚ ਰਾਸ਼ਟਰਪਤੀ ਦੀ ਅਸਲੀ ਤਾਕਤ ਐਲੋਨ ਮਸਕ ਕੋਲ ਹੋਵੇਗੀ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਸਕ ਅਮਰੀਕਾ ਦੇ ਰਾਸ਼ਟਰਪਤੀ ਬਣ ਸਕਦੇ ਹਨ। ਟਰੰਪ ਨੇ ਅਜਿਹੀਆਂ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਐਲੋਨ ਮਸਕ ਕਦੇ ਵੀ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ।
ਟਰੰਪ ਨੇ ਐਰੀਜ਼ੋਨਾ ਵਿੱਚ ਇੱਕ ਸਮਾਗਮ ਵਿੱਚ ਕਿਹਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਮਸਕ ਰਾਸ਼ਟਰਪਤੀ ਨਹੀਂ ਬਣਨ ਜਾ ਰਿਹਾ ਹੈ। ਉਹ ਦੱਖਣੀ ਅਫਰੀਕਾ ਵਿੱਚ ਪੈਦਾ ਹੋਇਆ ਸੀ, ਉਹ ਅਮਰੀਕਾ ਵਿੱਚ ਪੈਦਾ ਨਹੀਂ ਹੋਇਆ। ਅਲ ਜਜ਼ੀਰਾ ਮੁਤਾਬਕ ਟਰੰਪ ਨੇ ਮਸਕ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਲਗਾਤਾਰ ਇਹ ਝੂਠ ਫੈਲਾ ਰਹੇ ਹਨ ਕਿ ਇਸ ਸਰਕਾਰ ‘ਚ ਰਾਸ਼ਟਰਪਤੀ ਦੀ ਅਸਲੀ ਤਾਕਤ ਐਲੋਨ ਮਸਕ ਕੋਲ ਹੋਵੇਗੀ।
ਮਸਕ ਦੇ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਬਣਨ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਸੰਵਿਧਾਨ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ। ਅਮਰੀਕਾ ਦੇ ਸੰਵਿਧਾਨ ਮੁਤਾਬਕ ਅਮਰੀਕਾ ਵਿੱਚ ਪੈਦਾ ਹੋਇਆ ਅਮਰੀਕੀ ਨਾਗਰਿਕ ਹੀ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ। ਮਸਕ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਨਾ ਬਣ ਸਕਣ ਪਰ ਟਰੰਪ ਸਰਕਾਰ ਨੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਮਸਕ ਵਿਵੇਕ ਰਾਮਾਸਵਾਮੀ ਦੇ ਨਾਲ ਇਸ ਸਰਕਾਰ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਯਾਨੀ DOGE ਨੂੰ ਸੰਭਾਲਣਗੇ।
