ਜਲੰਧਰ,ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਂਸਿਵ ਰਵੀਜ਼ਨ(ਐਸ.ਆਈ.ਆਰ.)-2026 ਮੁਹਿੰਮ ਤਹਿਤ ਜ਼ਿਲ੍ਹਾ ਜਲੰਧਰ ਦੇ ਵੋਟਰਾਂ ਪਾਸੋਂ ਇਕੱਤਰ ਕੀਤੇ ਗਏ ਗਣਨਾ ਫਾਰਮਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਡਰਾਫ਼ਟ ਵੋਟਰ ਸੂਚੀਆਂ ਵਿੱਚ ਦਰਜ ਨਾਮ ਦੀ ਜਾਣਕਾਰੀ ਅਤੇ ਦਾਅਵੇ ਅਤੇ ਇਤਰਾਜ਼ ਦੇਣ ਲਈ 16 ਅਗਸਤ 2026 ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ 1997 ਪੋਲਿੰਗ ਬੂਥਾਂ ਉਪਰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ 13 ਅਗਸਤ 2026 ਨੂੰ ਵੋਟਰ ਸੂਚੀਆਂ ਦੀ ਡਰਾਫ਼ਟ ਪ੍ਰਕਾਸ਼ਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਰ ਪੋਲਿੰਗ ਬੂਥ ਉਪਰ ਜਾ ਕੇ ਆਪਣਾ ਨਾਮ ਡਰਾਫ਼ਟ ਵੋਟਰ ਸੂਚੀ ਵਿੱਚ ਚੈਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਵੋਟਰ ਸੂਚੀ ਵਿੱਚ ਵੋਟਰ ਦਾ ਨਾਮ ਦਰਜ ਨਹੀਂ ਹੈ ਤਾਂ ਉਹ ਫਾਰਮ ਨੰਬਰ 6 ਸਮੇਤ ਘੋਸ਼ਣਾ ਪੱਤਰ ਭਰ ਕੇ ਅੰਤਿਮ ਪ੍ਰਕਾਸ਼ਨਾ/ ਫਾਈਨਲ ਰੋਲ ਵਿੱਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਵੋਟਰਾਂ ਦੀ ਸਹੂਲਤ ਲਈ 16 ਅਗਸਤ ਨੂੰ ਸਮੂਹ ਪੋਲਿੰਗ ਬੂਥਾਂ ਉਤੇ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੌਰਾਨ ਵੋਟਰਾਂ ਨੂੰ ਡਰਾਫ਼ਟ ਵੋਟਰ ਸੂਚੀਆਂ ਵਿੱਚ ਦਰਜ ਨਾਵਾਂ ਦੀ ਜਾਣਕਾਰੀ ਅਤੇ ਦਾਅਵੇ ਤੇ ਇਤਰਾਜ਼ ਪੇਸ਼ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਬਾਰੇ ਵੱਧ ਤੋਂ ਵੱਧ ਵੋਟਰਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਤਰੁੱਟੀਆਂ ਰਹਿਤ ਵੋਟਰ ਸੂਚੀਆਂ ਤਿਆਰ ਕੀਤੀਆਂ ਜਾ ਸਕਣ।
