ਨਿਊਜ਼ੀਲੈਂਡ ਨੇ ਭਾਰਤੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਵਰਕ ਵੀਜ਼ਾ ਨਿਯਮਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ 15 ਸਤੰਬਰ 2026 ਨੂੰ ਨਵੇਂ Short-Term Graduate Work Visa ਦਾ ਐਲਾਨ ਕੀਤਾ ਹੈ।
ਇਹ ਵੀਜ਼ਾ 16 ਨਵੰਬਰ 2026 ਤੋਂ ਲਾਗੂ ਹੋਵੇਗਾ। ਇਸ ਦੇ ਤਹਿਤ ਯੋਗ ਅੰਤਰਰਾਸ਼ਟਰੀ ਗ੍ਰੈਜੂਏਟਾਂ ਨੂੰ ਛੇ ਮਹੀਨਿਆਂ ਤੱਕ ਓਪਨ ਵਰਕ ਰਾਈਟਸ ਮਿਲਣਗੇ, ਯਾਨੀ ਉਹ ਇਸ ਮਿਆਦ ਦੌਰਾਨ ਆਪਣੀ ਪਸੰਦ ਦੇ ਨਿਯਮਾਂ ਅਨੁਸਾਰ ਕੰਮ ਕਰ ਸਕਣਗੇ। ਇਹ ਨਵਾਂ ਵੀਜ਼ਾ ਉਨ੍ਹਾਂ ਵਿਦਿਆਰਥੀਆਂ ਲਈ ਖਾਸ ਤੌਰ ਤੇ ਫਾਇਦੇਮੰਦ ਹੋਵੇਗਾ, ਜੋ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਰੰਤ ਲੰਬੇ ਸਮੇਂ ਵਾਲੇ Post-Study Work Visa ਲਈ ਯੋਗ ਨਹੀਂ ਹੁੰਦੇ। ਇਸ ਦਾ ਮੁੱਖ ਉਦੇਸ਼ ਅਜਿਹੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਅਤੇ ਰੋਜ਼ਗਾਰ ਹਾਸਲ ਕਰਨ ਲਈ ਛੇ ਮਹੀਨਿਆਂ ਦਾ ਸਮਾਂ ਦੇਣਾ ਹੈ।
ਇਸ ਮਿਆਦ ਦੌਰਾਨ ਉਹ Accredited Employer Work Visa (AEWV) ਵਰਗੇ ਲੰਬੇ ਸਮੇਂ ਦੇ ਵਰਕ ਵੀਜ਼ਾ ਵਿਕਲਪਾਂ ਵੱਲ ਅੱਗੇ ਵਧ ਸਕਣਗੇ। 16 ਨਵੰਬਰ ਤੋਂ ਇੱਕ ਹੋਰ ਮਹੱਤਵਪੂਰਨ ਬਦਲਾਅ ਵੀ ਲਾਗੂ ਹੋਵੇਗਾ। ਇਸ ਤਹਿਤ ਨਿਊਜ਼ੀਲੈਂਡ Qualifications and Credentials Framework ਦੇ ਲੈਵਲ 7 ਦਾ ਯੋਗ Graduate Diploma ਪੂਰਾ ਕਰਨ ਵਾਲੇ ਵਿਦਿਆਰਥੀ Post-Study Work Visa ਲਈ ਯੋਗ ਹੋ ਸਕਣਗੇ। ਇਨ੍ਹਾਂ ਵਿਦਿਆਰਥੀਆਂ ਕੋਲ ਪਹਿਲਾਂ ਤੋਂ ਹੀ Bachelors Degree ਹੋਣੀ ਲਾਜ਼ਮੀ ਹੋਵੇਗੀ। ਇਹ ਯੋਗਤਾ ਉਨ੍ਹਾਂ ਲਈ ਨਿਊਜ਼ੀਲੈਂਡ ਵਿੱਚ ਰਹਿਣ ਅਤੇ ਕੰਮ ਕਰਨ ਦਾ ਰਾਹ ਖੋਲ੍ਹ ਸਕਦੀ ਹੈ। ਇਸ ਵੀਜ਼ਾ ਦੀ ਮਿਆਦ ਵੱਧ ਤੋਂ ਵੱਧ ਤਿੰਨ ਸਾਲ ਤੱਕ ਹੋ ਸਕਦੀ ਹੈ।
