ਕੈਨੇਡਾ ‘ਚ ਇੱਕ ਸਿੱਖ ਔਰਤ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਓਨਟਾਰੀਓ ਦੇ ਲੰਡਨ ‘ਚ 30 ਸਾਲਾ ਕੁੜੀ ਦੀ ਮੌਤ ਨੂੰ ਪੁਲਿਸ ਨੇ ਨਾਰੀ ਹੱਤਿਆ ਦੱਸਿਆ ਹੈ। ਇਹ ਘਟਨਾ 15 ਸਤੰਬਰ ਨੂੰ ਸਮਰਸਾਈਡ ਖੇਤਰ ਵਿੱਚ ਚੈਲਟਨ ਰੋਡ ‘ਤੇ ਇੱਕ ਘਰ ਵਿੱਚ ਵਾਪਰੀ ਸੀ। ਜਦੋਂ ਪੁਲਿਸ ਪਹੁੰਚੀ, ਤਾਂ ਉਨ੍ਹਾਂ ਨੇ ਦੋ ਬੱਚਿਆਂ ਦੀ ਮਾਂ ਰਮਨ ਦੇਵੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ। ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਗੁਆਂਢੀਆਂ ਨੇ CBC News ਨੂੰ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਰਮਨ ਦੇਵੀ ਦੀ ਮਾਂ ਨੂੰ ਦੋਵੇਂ ਬੱਚਿਆਂ ਨਾਲ ਬਹੁਤ ਹੀ ਪਰੇਸ਼ਾਨ ਹਾਲਤ ਵਿੱਚ ਘਰ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਗੁਆਂਢੀ ਸੈਮ ਅਵਦੀ ਨੇ ਦੱਸਿਆ ਕਿ ਉਸ ਨੇ ਇੱਕ ਬਜ਼ੁਰਗ ਔਰਤ ਨੂੰ ਘਰ ਤੋਂ ਬਾਹਰ ਆਉਂਦੇ ਦੇਖਿਆ। ਉਹ ਉੱਚੀ ਆਵਾਜ਼ ਵਿੱਚ ਚੀਕ ਰਹੀ ਸੀ ਅਤੇ ਆਪਣੇ ਆਪ ਨੂੰ ਮਾਰ ਰਹੀ ਸੀ।
ਗੁਰਦੁਆਰਾ ਲੰਡਨ ਸਿੱਖ ਸੋਸਾਇਟੀ ਵੱਲੋਂ ਵੀ ਰਮਨ ਦੇਵੀ ਲਈ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ। ਫੰਡਰੇਜ਼ਰ ਵਿੱਚ ਕਿਹਾ ਗਿਆ, “ਮਾਂ ਨੂੰ ਗੁਆਉਣ ਦਾ ਦਰਦ ਅਸਹਿ ਹੈ। ਰਮਨ ਦੇਵੀ ਦੇ ਛੋਟੇ ਬੱਚਿਆਂ ਲਈ ਇਹ ਘਾਟਾ ਖਾਸ ਤੌਰ ’ਤੇ ਦਿਲ ਤੋੜਨ ਵਾਲਾ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਆਪਣੀ ਮਾਂ ਦੇ ਪਿਆਰ, ਦੇਖਭਾਲ, ਮਾਰਗਦਰਸ਼ਨ ਅਤੇ ਸਹਾਰਾ ਦੇਣ ਵਾਲੀ ਮੌਜੂਦਗੀ ਤੋਂ ਬਿਨਾਂ ਅਗਲਾ ਜੀਵਨ ਬਿਤਾਉਣਾ ਪਵੇਗਾ। ਕਿਸੇ ਵੀ ਬੱਚੇ ਨੂੰ ਇੰਨੀ ਛੋਟੀ ਉਮਰ ਵਿੱਚ ਅਜਿਹਾ ਡੂੰਘਾ ਘਾਟਾ ਨਹੀਂ ਸਹਿਣਾ ਚਾਹੀਦਾ।”
