ਜਲੰਧਰ ਦੇ ਗੜ੍ਹਾ ਇਲਾਕੇ ਅਧੀਨ ਪੈਂਦੇ ਵਾਲਮੀਕਿ ਮੁਹੱਲੇ ਵਿੱਚ ਦੋ ਧੜਿਆਂ ਵਿਚਾਲੇ ਅਚਾਨਕ ਹੋਈ ਤਕਰਾਰ ਇੰਨੀ ਜ਼ਿਆਦਾ ਵਧ ਗਈ ਕਿ ਮਾਮਲਾ ਹਿੰਸਕ ਝੜਪ ਅਤੇ ਖ਼ੂਨੀ ਖੇਡ ਵਿੱਚ ਤਬਦੀਲ ਹੋ ਗਿਆ। ਇਸ ਖ਼ੂਨੀ ਟਕਰਾਅ ਦੌਰਾਨ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਰੂਹ ਕੰਬਾਊ ਵਾਰਦਾਤ ਦੀ ਪੂਰੀ ਤਸਵੀਰ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਦੌਰਾਨ ਸਭ ਤੋਂ ਹੈਰਾਨੀਜਨਕ ਤੇ ਦਿਲਚਸਪ ਪਹਿਲੂ ਇਹ ਰਿਹਾ ਕਿ ਹਮਲੇ ਵੇਲੇ ਉੱਥੇ ਮੌਜੂਦ ਇਕ ਵਫ਼ਾਦਾਰ ਕੁੱਤੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਮਲਾਵਰ ਨਾਲ ਸਿੱਧੀ ਟੱਕਰ ਲਈ ਅਤੇ ਨੌਜਵਾਨ ਦੀ ਜਾਨ ਬਚਾਉਣ ਲਈ ਦਲੇਰਾਨਾ ਕੋਸ਼ਿਸ਼ ਕੀਤੀ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
