ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ‘ਚ ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲੇ ਵਿੱਚ ਈਡੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰਾਂ ਦੇ ਘਰ ਦਸਤਕ ਦਿੱਤੀ ਹੈ। ਏਜੰਸੀ ਵੱਲੋਂ ਮੰਤਰੀ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ (Gurpreet Singh Prince) ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਸਤਾਵੇਜ਼ ਖੰਗਾਲੇ ਜਾ ਰਹੇ ਹਨ।
ਦੱਸ ਦਈਏ ਕਿ ਈਡੀ ਵੱਲੋਂ ਬੀਤੇ ਦਿਨ ਮੁਹਾਲੀ ‘ਚ ਗਮਾਡਾ ਦਫਤਰ (GMADA) ਵਿੱਚ ਵੀ 150 ਕਰੋੜ ਰੁਪਏ ਦੀਆਂ ਕਥਿਤ ਸੀਐਲਯੂ ਬੇਨਿਯਮੀਆਂ (CLU Scam) ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਸੀ, ਜੋ ਕਿ ਅੱਜ ਬਾਅਦ ਦੁਪਹਿਰ ਤੱਕ ਵੀ ਜਾਰੀ ਰਹੀ। ਇਸ ਦੌਰਾਨ ਈਡੀ ਵੱਲੋਂ ਕਈ ਦਸਤਾਵੇਜ਼ ਵੀ ਆਪਣੇ ਕਬਜ਼ੇ ‘ਚ ਲਏ ਗਏ ਹਨ।
ਅਧਿਕਾਰੀਆਂ ਨੇ ਕਿਹਾ ਸੀ ਕਿ ਈਡੀ ਕਈ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਜ਼ਮੀਨ ਪ੍ਰਾਪਤੀ, ਜ਼ਮੀਨ ਵਰਤੋਂ ਵਿੱਚ ਤਬਦੀਲੀ ਦੇ ਮਾਮਲੇ, ਨਿੱਜੀ ਬਿਲਡਰਾਂ ਨੂੰ ਦਿੱਤੇ ਗਏ ਕਥਿਤ ਲਾਭ ਅਤੇ ਜਾਇਦਾਦਾਂ ਦੀ ਨਿਲਾਮੀ ਸ਼ਾਮਲ ਹੈ। ਨਿਊ ਚੰਡੀਗੜ੍ਹ ਵਿੱਚ ਸਨਟੇਕ ਸਿਟੀ ਸਮੇਤ ਕਈ ਪ੍ਰੋਜੈਕਟ ਕਥਿਤ ਤੌਰ ‘ਤੇ ਜਾਂਚ ਅਧੀਨ ਹਨ। ਈਡੀ ਨੇ ਪਹਿਲਾਂ ਇਨ੍ਹਾਂ ਪ੍ਰੋਜੈਕਟਾਂ ਦੇ ਸਬੰਧ ਵਿੱਚ ਦੋ ਬਿਲਡਰਾਂ ਦੇ ਦਫਤਰਾਂ ਦੀ ਤਲਾਸ਼ੀ ਲਈ ਸੀ। ਮੰਨਿਆ ਜਾ ਰਿਹਾ ਹੈ ਕਿ ਤਾਜ਼ਾ ਕਾਰਵਾਈ ਉਸੇ ਮਾਮਲੇ ਨਾਲ ਜੁੜੀ ਹੋਈ ਹੈ।
