ਨਵੀਂ ਦਿੱਲੀ- ਜਸਪ੍ਰੀਤ ਬੁਮਰਾਹ ਨੇ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ‘ਚ 32 ਵਿਕਟਾਂ ਲੈ ਕੇ ਆਈਸੀਸੀ ਰੈਂਕਿੰਗ ‘ਚ ਵੀ ਇਤਿਹਾਸ ਰਚ ਦਿੱਤਾ ਹੈ। ਜੱਸੀ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਰਿਕਾਰਡ 908 ਅੰਕਾਂ ‘ਤੇ ਪਹੁੰਚ ਗਿਆ ਹੈ। ਬੁਮਰਾਹ ਟੈਸਟ ਰੈਂਕਿੰਗ ‘ਚ ਇੰਨੇ ਰੇਟਿੰਗ ਅੰਕ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। ਉਸ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।
ਆਈਸੀਸੀ ਨੇ ਬੁੱਧਵਾਰ ਨੂੰ ਰੈਂਕਿੰਗ ਜਾਰੀ ਕੀਤੀ। ਜਸਪ੍ਰੀਤ ਬੁਮਰਾਹ ਪਹਿਲਾਂ ਵਾਂਗ ਨੰਬਰ-1 ਬਣੇ ਹੋਏ ਹਨ। ਪਿਛਲੇ ਹਫਤੇ ਉਹ 907 ਰੇਟਿੰਗ ਅੰਕਾਂ ਨਾਲ ਪਹਿਲੇ ਨੰਬਰ ‘ਤੇ ਸੀ। ਫਿਰ ਉਹ 907 ਰੇਟਿੰਗ ਅੰਕ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ। ਉਨ੍ਹਾਂ ਤੋਂ ਪਹਿਲਾਂ ਸਭ ਤੋਂ ਵੱਧ ਰੇਟਿੰਗ ਦਾ ਰਿਕਾਰਡ ਰਵੀਚੰਦਰਨ ਅਸ਼ਵਿਨ (904) ਦੇ ਨਾਂ ਸੀ। ਪੈਟ ਕਮਿੰਸ ਅਤੇ ਕਾਗਿਸੋ ਰਬਾਡਾ ਨੂੰ ਤਾਜ਼ਾ ਦਰਜਾਬੰਦੀ ਵਿੱਚ ਇੱਕ-ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਕਮਿੰਸ ਹੁਣ ਦੂਜੇ ਅਤੇ ਰਬਾਡਾ ਤੀਜੇ ਨੰਬਰ ‘ਤੇ ਹਨ। ਜੋਸ਼ ਹੇਜ਼ਲਵੁੱਡ ਚੌਥੇ ਅਤੇ ਮਾਰਕੋ ਯੈਨਸਨ ਪੰਜਵੇਂ ਸਥਾਨ ‘ਤੇ ਹਨ।
ਭਾਰਤ ਨੂੰ ਹਰਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਕਾਟ ਬੋਲੈਂਡ ਨੇ 29 ਸਥਾਨਾਂ ਦੀ ਛਲਾਂਗ ਲਗਾਈ ਹੈ। ਸਕਾਟ ਬੋਲੈਂਡ ਨੇ ਸੀਰੀਜ਼ ‘ਚ 21 ਵਿਕਟਾਂ ਲਈਆਂ ਅਤੇ ਇਸ ਕਾਰਨ ਉਹ ਟਾਪ 10 ‘ਚ ਆ ਗਿਆ ਹੈ। ਬੋਲੈਂਡ ਦੀ ਤਾਜ਼ਾ ਰੈਂਕਿੰਗ 9 ਹੈ।
ਰਿਸ਼ਭ ਪੰਤ, ਬਾਬਰ ਆਜ਼ਮ ਅਤੇ ਤੇਂਬਾ ਬਾਵੁਮਾ ਨੇ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਵਾਧਾ ਕੀਤਾ ਹੈ। ਸਿਡਨੀ ਟੈਸਟ ‘ਚ 61 ਅਤੇ 40 ਦੌੜਾਂ ਦੀ ਪਾਰੀ ਖੇਡਣ ਵਾਲੇ ਰਿਸ਼ਭ ਪੰਤ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਨੌਵੇਂ ਸਥਾਨ ‘ਤੇ ਪਹੁੰਚ ਗਏ ਹਨ।
