ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਅੱਜ ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਡਿਪੂ ਦੇ ਬਾਹਰ ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਸਹਿਜ ਸਿੰਘ ਨੇ ਦੱਸਿਆ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਸੀ, ਉਸ ਸਮੇਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਸੱਤਾ ਵਿੱਚ ਆਵਾਂਗੇ, ਤੁਹਾਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ। ਪਰ ਅੱਜ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਤੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪਰ ਕੋਈ ਸਾਰਥਕ ਹੱਲ ਨਹੀਂ ਨਿਕਲਿਆ। ਅਸੀਂ ਸਰਕਾਰ ਨੂੰ ਇਹੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ, ਨਹੀਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਉੱਥੇ ਹੀ ਪਟਿਆਲਾ ਦੇ ਨਵੇਂ ਬੱਸ ਸਟੈਂਡ ‘ਤੇ ਬੱਸਾਂ ਦੀ ਘਾਟ ਕਾਰਨ ਲੋਕ ਵੱਡੇ ਪੱਧਰ ‘ਤੇ ਖੱਜਲ-ਖੁਆਰ ਹੁੰਦੇ ਨਜ਼ਰ ਆਏ। ਕਈ ਬੱਸਾਂ ਵਿੱਚ ਸਵਾਰੀਆਂ ਦਰਵਾਜ਼ਿਆਂ ਤੋਂ ਲਟਕ ਕੇ ਸਫ਼ਰ ਕਰਦੀਆਂ ਵੀ ਦਿਖਾਈ ਦਿੱਤੀਆਂ। ਬੱਸਾਂ ਦੀ ਸ਼ਾਰਟੇਜ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ। ਰਾਜਪੁਰਾ ਵਿਖੇ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਹੋਣ ਕਾਰਨ ਗਗਨ ਚੌਂਕ ਅਤੇ ਮਾਡਰਨ ਬੱਸ ਸਟੈਂਡ ‘ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸੋਮਵਾਰ ਦਾ ਦਿਨ ਹੋਣ ਕਰਕੇ ਡਿਊਟੀ ‘ਤੇ ਜਾਣ ਵਾਲੇ ਕਰਮਚਾਰੀਆਂ ਅਤੇ ਹੋਰ ਆਮ ਲੋਕਾਂ ਦੀ ਭਾਰੀ ਭੀੜ ਸੜਕਾਂ ‘ਤੇ ਦੇਖਣ ਨੂੰ ਮਿਲ ਰਹੀ ਹੈ। ਲੋਕ ਘੰਟਿਆਂ ਬੱਧੀ ਬੱਸਾਂ ਦੀ ਉਡੀਕ ਕਰ ਰਹੇ ਹਨ, ਪਰ ਬੱਸਾਂ ਨਾ ਮਿਲਣ ਕਾਰਨ ਖੱਜਲ-ਖੁਆਰ ਹੋ ਰਹੇ ਹਨ।
ਜੇਕਰ ਕੋਈ ਇੱਕਾ-ਦੁੱਕਾ ਬੱਸ ਆਉਂਦੀ ਵੀ ਹੈ, ਤਾਂ ਉਹ ਪਹਿਲਾਂ ਹੀ ਨੋਕ-ਮੋਕ ਭਰੀ ਹੁੰਦੀ ਹੈ। ਇਸ ਦੌਰਾਨ ਟਰੈਫਿਕ ਪੁਲਿਸ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਗੁਰਬਚਨ ਸਿੰਘ ਟਰੈਫਿਕ ਇੰਚਾਰਜ, ਰਾਜਪੁਰਾ ਨੇ ਕਿਹਾ ਕਿ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਅਤੇ ਅੱਜ ਸੋਮਵਾਰ ਹੋਣ ਕਰਕੇ ਗਗਨ ਚੌਂਕ ‘ਤੇ ਮੁਸਾਫ਼ਰਾਂ ਦੀ ਭਾਰੀ ਭੀੜ ਹੈ। ਸਾਡੀ ਟਰੈਫਿਕ ਟੀਮ ਵੱਲੋਂ ਚਾਰੇ ਪਾਸੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
