ਅਸੀਂ ਜੀਵਨ ਕੁਮਾਰ ਅਤੇ ਪਰਵੀਨ ਕੁਮਾਰੀ, ਕੈਨੇਡਾ ਵਸਨੀਕ ਐਨ.ਆਰ.ਆਈ., ਪਿੰਡ ਮਾਓ ਸਾਹਿਬ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਾਂ। ਸਾਡਾ 5 ਮਰਲੇ 7 ਸਰਸਾਈ ਦਾ ਪਲਾਟ ਸਾਲ 1996 ਤੋਂ ਰਜਿਸਟਰਡ ਸੇਲ ਡੀਡ ਰਾਹੀਂ ਸਾਡੇ ਕਬਜ਼ੇ ਵਿੱਚ ਹੈ, ਜਿਸ ਵਿੱਚ ਚਾਰਦੀਵਾਰੀ, ਪੱਕਾ ਕੋਠਾ, ਸਰਕਾਰੀ ਪਾਣੀ ਦਾ ਮੀਟਰ ਅਤੇ ਰੁੱਖ ਲੱਗੇ ਹੋਏ ਹਨ।
13 ਜੂਨ 2026 ਦੀ ਰਾਤ ਕਰੀਬ 11 ਵਜੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਉਮਰਜੀਤ ਸਿੰਘ ਪੁੱਤਰ ਬਲਦੇਸ਼ ਸਿੰਘ ਆਪਣੇ ਸਾਥੀਆਂ ਸਮੇਤ ਤਲਵਾਰਾਂ ਅਤੇ ਗੰਡਾਸਿਆਂ ਨਾਲ ਸਾਡੇ ਪਲਾਟ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਏ, ਸੀਸੀਟੀਵੀ ਕੈਮਰਾ ਤੋੜ ਦਿੱਤਾ, ਸਾਡੀ ਮਹਿਲਾ ਕਰਮਚਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਜਬਰਦਸਤੀ ਅਸਥਾਈ ਬੱਸ ਸਟੈਂਡ ਅਤੇ ਪਿੰਡ ਦਾ ਹੋਰਡਿੰਗ ਲਗਾ ਦਿੱਤਾ।
ਅਸੀਂ ਪਹਿਲਾਂ ਵੀ ਇਸ ਮਾਮਲੇ ਸਬੰਧੀ ਪੁਲਿਸ ਅਤੇ ਹੋਰ ਸਰਕਾਰੀ ਵਿਭਾਗਾਂ ਨੂੰ ਸ਼ਿਕਾਇਤਾਂ ਦਿੱਤੀਆਂ ਸਨ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਘਟਨਾ ਨੇ ਇਹ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਪੰਜਾਬ ਵਿੱਚ ਐਨ.ਆਰ.ਆਈਜ਼ ਅਤੇ ਬਜ਼ੁਰਗ ਸੀਨੀਅਰ ਸਿਟੀਜ਼ਨਾਂ ਦੀ ਜਾਇਦਾਦ ਸੁਰੱਖਿਅਤ ਹੈ? ਜੇਕਰ ਰਜਿਸਟਰਡ ਮਾਲਕਾਂ ਦੀ ਸੰਪਤੀ ‘ਤੇ ਖੁੱਲ੍ਹੇਆਮ ਕਬਜ਼ੇ ਦੀ ਕੋਸ਼ਿਸ਼ ਹੋਵੇ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਹੇ, ਤਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਬਜ਼ੁਰਗ ਲੋਕਾਂ ਦਾ ਆਪਣੇ ਸੂਬੇ ਦੀ ਕਾਨੂੰਨ-ਵਿਵਸਥਾ ਉੱਤੇ ਭਰੋਸਾ ਕਿਵੇਂ ਬਣਿਆ ਰਹੇਗਾ?
ਅਸੀਂ ਖੁਦ ਸੀਨੀਅਰ ਸਿਟੀਜ਼ਨ ਹਾਂ ਅਤੇ ਆਪਣੀ ਉਮਰ ਦੇ ਇਸ ਪੜਾਅ ‘ਤੇ ਆਪਣੀ ਹੀ ਜਾਇਦਾਦ ਦੀ ਰੱਖਿਆ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ। ਜੇਕਰ ਐਨ.ਆਰ.ਆਈਜ਼ ਅਤੇ ਬਜ਼ੁਰਗਾਂ ਦੀ ਜਾਇਦਾਦ ਨੂੰ ਹੀ ਸੁਰੱਖਿਆ ਨਹੀਂ ਮਿਲੇਗੀ ਤਾਂ ਇਹ ਬਹੁਤ ਚਿੰਤਾਜਨਕ ਅਤੇ ਸ਼ਰਮਨਾਕ ਸਥਿਤੀ ਹੈ।
ਅਸੀਂ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਐਨ.ਆਰ.ਆਈ. ਮਾਮਲਿਆਂ ਦੇ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਐਫ.ਆਈ.ਆਰ. ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਜਾਇਦਾਦ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਨਹੀਂ ਤਾਂ ਇਹ ਸੰਦੇਸ਼ ਜਾਵੇਗਾ ਕਿ ਪੰਜਾਬ ਵਿੱਚ ਐਨ.ਆਰ.ਆਈਜ਼ ਅਤੇ ਸੀਨੀਅਰ ਸਿਟੀਜ਼ਨਾਂ ਦੀ ਜਾਇਦਾਦ ਸੁਰੱਖਿਅਤ ਨਹੀਂ ਹੈ ਅਤੇ ਭੂ-ਮਾਫੀਆ ਅਤੇ ਪ੍ਰਭਾਵਸ਼ਾਲੀ ਲੋਕ ਕਾਨੂੰਨ ਤੋਂ ਉੱਪਰ ਹਨ।
