ਜਲੰਧਰ, (ਸੰਜੇ ਸ਼ਰਮਾ)- ਜਲੰਧਰ ਦੇ ਮਾਡਲ ਹਾਊਸ ਰੋਡ ਦੀ ਮੌਜੂਦਾ ਬਦਤਰ ਹਾਲਤ ਨੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਵਾਰਡ ਨੰਬਰ 45 ਅਧੀਨ ਆਉਂਦੇ ਇਸ ਰਸਤੇ ਤੋਂ ਕਾਲਾ ਸੰਘਿਆਂ, ਸੁਲਤਾਨਪੁਰ ਅਤੇ ਹੋਰ ਇਲਾਕਿਆਂ ਵੱਲ ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੜਕ ਦੀ ਖੁਦਾਈ ਕਾਰਨ ਥਾਂ-ਥਾਂ ਮਿੱਟੀ, ਪੱਥਰ, ਇੱਟਾਂ ਅਤੇ ਮਲਬਾ ਖਿੱਲਰਿਆ ਪਿਆ ਹੈ। ਖਾਸ ਕਰਕੇ ਸਵੇਰੇ ਸਕੂਲ ਲੱਗਣ ਦੇ ਸਮੇਂ ਜਦੋਂ ਸਕੂਲ ਬੱਸਾਂ, ਟੈਂਪੂ ਅਤੇ ਦੋਪਹੀਆ ਵਾਹਨਾਂ ਦੀ ਆਵਾਜਾਈ ਵਧ ਜਾਂਦੀ ਹੈ ਤਾਂ ਇਸ ਰਸਤੇ ਤੋਂ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਸੜਕ ਦੀ ਤੰਗ ਅਤੇ ਉਖੜੀ ਹੋਈ ਹਾਲਤ ਕਾਰਨ ਵਾਹਨਾਂ ਨੂੰ ਲੰਘਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਹੈ।
ਇਸ ਤੋਂ ਇਲਾਵਾ ਸੜਕ ਦੇ ਨਜ਼ਦੀਕ ਗਲਤ ਸਾਈਡ ‘ਤੇ ਕੀਤੀ ਜਾਂਦੀ ਕਾਰ ਪਾਰਕਿੰਗ ਵੀ ਆਵਾਜਾਈ ਵਿੱਚ ਵੱਡੀ ਰੁਕਾਵਟ ਬਣ ਰਹੀ ਹੈ। ਸੜਕ ‘ਤੇ ਪਹਿਲਾਂ ਹੀ ਮਲਬਾ ਪਿਆ ਹੋਣ ਕਾਰਨ ਵਾਹਨਾਂ ਲਈ ਰਸਤਾ ਘੱਟ ਰਹਿ ਜਾਂਦਾ ਹੈ ਅਤੇ ਗਲਤ ਪਾਰਕਿੰਗ ਕਾਰਨ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ।
ਇਲਾਕਾ ਵਾਸੀਆਂ ਦੀ ਮੰਗ ਹੈ ਕਿ ਨਗਰ ਨਿਗਮ ਅਤੇ ਸਬੰਧਤ ਵਿਭਾਗ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ, ਸੜਕ ਦੀ ਮੁਰੰਮਤ ਦਾ ਕੰਮ ਜਲਦੀ ਪੂਰਾ ਕਰਵਾਉਣ ਅਤੇ ਗਲਤ ਸਾਈਡ ਪਾਰਕਿੰਗ ਵਿਰੁੱਧ ਕਾਰਵਾਈ ਕੀਤੀ ਜਾਵੇ, ਤਾਂ ਜੋ ਸਕੂਲੀ ਬੱਚਿਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।
