ਜਲੰਧਰ, ਪਿੰਡ ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਸੁਰੱਖਿਆ ਲਈ ਨਵੀਂ ਨੋਚ ਲਗਾਉਣ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਮਸਲਾ ਹੱਲ ਹੋ ਗਿਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਦਲੇਰੀ ਅਤੇ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਆਪਣੀ ਜ਼ਮੀਨ ਵਿੱਚ ਨੋਚ ਲਗਾਉਣ ਲਈ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਡਰੇਨੇਜ ਅਤੇ ਮਾਲ ਵਿਭਾਗ ਤੁਰੰਤ ਸਰਗਰਮ ਹੋ ਗਏ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ ਅਤੇ ਯਤਨਾਂ ਸਦਕਾ ਇਸ ਮਸਲੇ ਦਾ ਹੱਲ ਸੰਭਵ ਹੋ ਸਕਿਆ। ਸੰਤ ਸੀਚੇਵਾਲ ਨੇ ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ, ਡਰੇਨੇਜ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕਰਕੇ ਜ਼ਮੀਨ ਦੀ ਮਿਣਤੀ ਕਰਵਾਈ। ਇਸ ਦੇ ਨਾਲ ਹੀ ਡਰੇਨੇਜ ਵਿਭਾਗ ਵੱਲੋਂ ਸਰਵੇ ਕਰਕੇ ਪ੍ਰੋਜੈਕਟ ਦਾ ਅਨੁਮਾਨਿਤ ਖ਼ਰਚਾ ਤਿਆਰ ਕਰਨ ਦੀ ਪ੍ਰਕਿਿਰਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੰਤ ਸੀਚੇਵਾਲ ਨੇ ਕਿਸਾਨ ਗੁਰਮੁੱਖ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਯੋਗਦਾਨ ਨਾਲ ਇਲਾਕੇ ਨੂੰ ਭਵਿੱਖ ਵਿੱਚ ਆਉਣ ਵਾਲੇ ਹੜ੍ਹਾਂ ਦੇ ਖ਼ਤਰੇ ਤੋਂ ਵੱਡੀ ਰਾਹਤ ਮਿਲੇਗੀ। ਇਸ ਵਾਰ ਪੰਜਾਬ ਸਰਕਾਰ ਵੱਲੋਂ ਡਰੇਨਜ਼ ਵਿਭਾਗ ਦੀ ਮਿਹਨਤ ਸਦਕਾ ਤਕਰੀਬਨ 18 ਕਰੋੜ ਰੁਪਏ ਦੀ ਲਾਗਤ ਨਾਲ ਪੱਥਰ ਲਗਾ ਕੇ ਬੰਨ ਨੂੰ ਮਜ਼ਬੂਤ ਕੀਤਾ ਗਿਆ।
ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਮਸਲਾ ਸੁਲਝਾਇਆ ਗਿਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਇਲਾਕੇ ਦੀ ਭਲਾਈ ਨੂੰ ਪਹਿਲ ਦਿੰਦਿਆਂ ਨੋਚਾਂ ਲਗਾਉਣ ਲਈ ਆਪਣੀ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਗੁਰਮੁੱਖ ਸਿੰਘ ਦੀ ਪਹਿਲਾਂ ਹੀ 18 ਏਕੜ ਜ਼ਮੀਨ ਦਰਿਆ ਦੀ ਢਾਹ ਲੱਗਣ ਕਾਰਨ ਦਰਿਆ ਬੁਰਦ ਹੋ ਚੁੱਕੀ ਹੈ, ਫਿਰ ਵੀ ਉਨ੍ਹਾਂ ਨੇ ਵੱਡੇ ਦਿਲ ਦਾ ਪ੍ਰਗਟਾਵਾ ਕਰਦਿਆਂ ਲੋਕ ਹਿੱਤ ਵਿੱਚ ਇਹ ਕਦਮ ਚੁੱਕਿਆ ਹੈ। ਉਨ੍ਹਾਂ ਤਹਿਸੀਲਦਾਰ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ, ਇਲਾਕੇ ਦੇ ਸਰਪੰਚਾਂ ਅਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਾਮਲੇ ਨੂੰ ਸਿਰੇ ਚੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
