ਜਲੰਧਰ, ਪੰਜਾਬ ਪ੍ਰੈੱਸ ਕਲੱਬ ’ਚ ਕੌਮੀ ਪ੍ਰੈੱਸ ਦਿਵਸ ਮੌਕੇ ਪ੍ਰਭਾਵਸ਼ਾਲੀ ਸੈਮੀਨਾਰ ਦੌਰਾਨ ਪੱਤਰਕਾਰਤਾ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਕੀਤੇ ਜਾ ਰਹੇ ਸਾਹਮਣੇ ਪ੍ਰਤੀ ਵਿਚਾਰ ਚਰਚਾ ਕੀਤੀ ਗਈ। ਇਸ ਸੈਮੀਨਾਰ ਦੌਰਾਨ ਪੱਤਰਕਾਰੀ ਨੂੰ ਸਮਰਪਿਤ ਨਾਮਵਰ ਪੱਤਰਕਾਰਾਂ ਐਚ. ਐਸ. ਬਾਵਾ (ਯੈੱਸ ਪੰਜਾਬ), ਕੁਲਦੀਪ ਸਿੰਘ ਬੇਦੀ (ਜਗਬਾਣੀ), ਗੁਰਮੀਤ ਸਿੰਘ (ਨਵਾਂ ਜ਼ਮਾਨਾ), ਸੁਖਵਿੰਦਰ ਸੁੱਖੀ (ਅਕਾਸ਼ਵਾਣੀ), ਤੀਰਥ ਸਿੰਘ ਢਿੱਲੋਂ (ਦੂਰਦਰਸ਼ਨ), ਕੁਲਬਿੰਦਰ ਕੌਰ (ਅਜੀਤ) ਤੇ ਦਵਿੰਦਰ ਸਿੰਘ ਭੰਗੂ (ਪੰਜਾਬੀ ਟ੍ਰਿਬਿਊਨ) ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਜਿੱਥੇ ਇਸ ’ਚ ਸੀਨੀਅਰ ਪੱਤਰਕਾਰਾਂ ਨੇ ਭਾਗ ਲਿਆ, ਉੱਥੇ ਡੀ.ਏ.ਵੀ. ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਾਹਿਰਾਂ ਦੇ ਨਾਲ ਸਵਾਲ-ਜਵਾਬ ਕਰਕੇ ਆਪਣੇ ਗਿਆਨ ’ਚ ਵਾਧਾ ਕੀਤਾ। ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਦੇ ਮੁੱਖ ਬੁਲਾਰੇ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ’ਚ ਜਿੱਥੇ ਪੱਤਰਕਾਰਤਾ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ, ਉੱਥੇ ਉਨ੍ਹਾਂ ਸਮੇਂ-ਸਮੇਂ ’ਤੇ ਪੱਤਰਕਾਰੀ ਨੂੰ ਜਿਨ੍ਹਾਂ ਚੁਣੌਤੀਆਂ ਨਾਲ ਜੁਝਣਾ ਪਿਆ, ਉਨ੍ਹਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸ੍ਰੀ ਮਾਣਕ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਐਮਰਜੈਂਸੀ ਤੱਕ ਹੀ ਪ੍ਰੈੱਸ ਆਜ਼ਾਦਾਨਾ ਤੇ ਦਬਾਅ ਰਹਿਤ ਭੂਮਿਕਾ ਨਿਭਾਅ ਸਕੀ ਹੈ। ਐਮਰਜੈਂਸੀ ਦੌਰਾਨ ਮੀਡੀਆ ਨੂੰ ਆਪਣੇ ਅਨੁਸਾਰ ਚਲਾਉਣ, ਪੱਤਰਕਾਰਾਂ ਨੂੰ ਜ਼ੇਲ੍ਹਾਂ ’ਚ ਸੁੱਟਣ ਅਤੇ ਸੂਚਨਾਵਾਂ ਨੂੰ ਸੈਂਸਰ ਕਰਨ ਦੀ ਸ਼ੁਰੂ ਹੋਈ ਪ੍ਰਕਿਰਿਆ ਅੱਜ ਤੱਕ ਵੱਖ-ਵੱਖ ਢੰਗਾਂ ਨਾਲ ਲਾਗੂ ਹੋ ਰਹੀ ਹੈ। ਸ੍ਰੀ ਮਾਣਕ ਨੇ ਕਿਹਾ ਕਿ ਪੱਤਰਕਾਰਤਾ ਹਮੇਸ਼ਾਂ ਚੁਣੌਤੀ ਪੂਰਨ ਕਿੱਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਮਸਲਿਆਂ ਨੂੰ ਉਜਾਗਰ ਕਰਦੇ ਰਹਿਣਾ ਅਤੇ ਸਮਾਜ ਨੂੰ ਸੇਧ ਦੇਣਾ ਪੱਤਰਕਾਰ ਦੀ ਜ਼ਿੰਮੇਵਾਰੀ ਹੈ। ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਦੌਰ ਆ ਗਿਆ ਹੈ, ਇਸਦੇ ਬਾਵਜੂਦ ਪ੍ਰਿੰਟ ਮੀਡੀਆ ਅੱਜ ਵੀ ਇਕ ਦਸਤਾਵੇਜ਼ ਹੈ, ਜਿਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਨੂੰ ਸਹੀ ਅਤੇ ਪ੍ਰਮਾਣਿਤ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਆ ਨਾਲ ਜੁੜੇ ਪੱਤਰਕਾਰ ਦੀ ਇਕ ਜਵਾਬਦੇਹੀ ਹੁੰਦੀ ਹੈ। ਇਸ ਲਈ ਲੋਕਾਂ ’ਚ ਆਪਣਾ ਵਿਸ਼ਵਾਸ਼ ਬਣਾਈ ਰੱਖਣਾ ਜਰੂਰੀ ਹੈ, ਜੋ ਕਿ ਇਕ ਵੱਡੀ ਚੁਣੌਤੀ ਹੈ। ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਪੱਤਰਕਾਰ ਦਾ ਵਿਸ਼ਵਾਸ਼ ਖ਼ਤਮ ਹੋ ਜਾਵੇ, ਤਾਂ ਉਸ ਦੀ ਪੱਤਰਕਾਰੀ ਵੀ ਖ਼ਤਮ ਹੋ ਜਾਂਦੀ ਹੈ।
ਜਸਪ੍ਰੀਤ ਸਿੰਘ ਸੈਣੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੱਤਰਕਾਰਤਾ ਲਈ ਸਮਾਂ, ਸਮਾਜ ਤੇ ਸਿੱਖਿਆ ਬਹੁਤ ਮਹੱਤਤਾ ਰੱਖਦੇ ਹਨ। ਇਸ ਲਈ ਪੱਤਰਕਾਰ ਵਲੋਂ ਸਮੇਂ ’ਤੇ ਜਾਣਕਾਰੀ ਇਕੱਠੀ ਕਰਨੀ ਅਤੇ ਸਮੇਂ ਅੰਦਰ ਹੀ ਪ੍ਰਕਾਸ਼ਿਤ ਕਰਨ ਲਈ ਭੇਜਣੀ ਜਿੱਥੇ ਬਹੁਤ ਜ਼ਰੂਰੀ ਹੈ, ਉੱਥੇ ਭੇਜੀ ਗਈ ਜਾਣਕਾਰੀ ’ਚ ਸਮਾਜ ਨੂੰ ਜਾਗਰੂਕ ਕਰਨ ਲਈ ਸੁਨੇਹਾ ਹੋਣਾ ਵੀ ਉਨਾ ਹੀ ਜ਼ਰੂਰੀ ਹੈ। ਸ. ਸੈਣੀ ਨੇ ਕਿਹਾ ਕਿ ਇਸ ਸਭ ਲਈ ਪੱਤਰਕਾਰ ਨੂੰ ਸਿੱਖਿਅਤ ਹੋਣਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਲੋਕਾਂ ਤੱਕ ਪਹੁੰਚਾਈ ਗਈ ਜਾਣਕਾਰੀ ਸਟੀਕ ਹੋਵੇ। ਉਸਦੇ ਸ਼ਬਦਾਂ ਦੀ ਚੋਣ ਸਹੀ ਹੋਵੇ, ਜੋ ਸਮਾਜ ਨੂੰ ਚੰਗਾ ਸੁਨੇਹਾ ਦੇਵੇ।ਆਪਣੀ ਵੈੱਬ ਸਾਈਟ ਚਲਾ ਰਹੇ ਤਜਰਬੇਕਾਰ ਪੱਤਰਕਾਰ ਐੱਚ.ਐੱਸ. ਬਾਵਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਹੀ ਪੱਤਰਕਾਰ ਨੂੰ ਹਮੇਸ਼ਾਂ ਚਿੰਤਾ ਹੁੰਦੀ ਹੈ, ਕਿ ਉਸ ਦੀ ਚਾਦਰ ਹਮੇਸ਼ਾਂ ਬੇਦਾਗ਼ ਰਹੇ। ਉਨ੍ਹਾਂ ਕਿਹਾ ਕਿ ਪੱਤਰਕਾਰ ਨਿੱਤ ਨਵੀਂ ਮੁਹਿੰਮ ’ਤੇ ਹੁੰਦਾ ਹੈ, ਇਸ ਲਈ ਉਸ ਨੂੰ ਰੋਜ਼ਾਨਾ ਨਵੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸ. ਬਾਵਾ ਨੇ ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਆਰ.ਐੱਨ. ਸਿੰਘ ਨੂੰ ਵੀ ਆਪਣੇ ਸ਼ਬਦਾਂ ’ਚ ਸ਼ਰਧਾਂਜਲੀ ਦਿੱਤੀ।
ਸਾਬਕਾ ਸੀਨੀਅਰ ਸੰਪਾਦਕ ਕੁਲਦੀਪ ਸਿੰਘ ਬੇਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਿਨੀ ਮਰਜ਼ੀ ਸਮਝ ਜਾਂ ਸੂਝ ਰੱਖਣ ਦੇ ਬਾਵਜੂਦ ਪੱਤਰਕਾਰ ਨੂੰ ਆਪਣੇ ਅਦਾਰੇ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਵੀ ਪੱਤਰਕਾਰੀ ਨੂੰ ਆ ਰਹੀਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਗੁਰਮੀਤ ਸਿੰਘ (ਦੇਸ਼ ਭਗਤ ਯਾਦਗਰ ਹਾਲ ਅਤੇ ਨਵਾਂ ਜ਼ਮਾਨਾ) ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਜੋ ਸਮਾਜ ਨੂੰ ਉਸ ਦਾ ਅਸਲੀ ਚਿਹਰਾ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰ ਅਜਿਹੇ ਡਾਕਟਰ ਹਨ ਜੋ ਬਿਨਾ ਫੀਸ ਲਏ ਸਮਾਜ ਦਾ ਇਲਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਕੰਮ ਕਰਦੇ ਆਪਣੀਆਂ ਨਿੱਜੀ ਚੁਣੌਤੀਆਂ ਨੂੰ ਇਕ ਤਰਫ਼ ਰੱਖ ਕੇ ਮਿਸ਼ਨਰੀ ਪੱਤਰਕਾਰ ਬਣਨਾ ਚਾਹੀਦਾ ਹੈ।
ਇਸ ਮੌਕੇ ਸੁਖਵਿੰਦਰ ਸੁੱਖੀ, ਤੀਰਥ ਸਿੰਘ ਢਿੱਲੋਂ, ਕੁਲਵਿੰਦਰ ਕੌਰ ਅਤੇ ਪ੍ਰੋਫੈਸਰ ਨਿਧੀ ਸ਼ਰਮਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੀ ਸ਼ੁਰੂਆਤ ਕਵਰੇਜ ਦੌਰਾਨ ਜਾਨਾਂ ਗਵਾ ਚੁੱਕੇ ਪੱਤਰਕਾਰਾਂ ਨੂੰ ਸ਼ਰਧਾਂਜਲੀ ਨਾਲ ਹੋਈ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਰੰਗਪੁਰੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਪੁਨੀਤ ਸਹਿਗਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਉਪ ਪ੍ਰਧਾਨ ਤਜਿੰਦਰ ਕੌਰ ਥਿੰਦ, ਸੰਯੁਕਤ ਸਕੱਤਰ ਸੁਕਰਾਂਤ ਸਫ਼ਰੀ, ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਅਤੇ ਹੋਰ ਹਾਜ਼ਰ ਸਨ।
ਕੈਪਸ਼ਨ- ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਸਨਮਾਨਿਤ ਕੀਤੇ ਗਏ ਪੱਤਰਕਾਰਾਂ ਨਾਲ ਦਿਖਾਈ ਦੇ ਰਹੇ ਹਨ ਸਤਨਾਮ ਮਾਣਕ, ਇੰਦਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਸੈਣੀ, ਪੁਨੀਤ ਸਹਿਗਲ, ਰਾਜੇਸ਼ ਥਾਪਾ, ਤਜਿੰਦਰ ਕੌਰ ਥਿੰਦ, ਪਰਮਜੀਤ ਸਿੰਘ ਰੰਗਪੁਰੀ, ਸੁਕਰਾਂਤ ਸਫਰੀ, ਜਤਿੰਦਰਪਾਲ ਸਿੰਘ ਤੇ ਹੋਰ।
