ਪੰਜਾਬ ਵਿਚ ਸਫ਼ਾਈ ਸੇਵਕਾਂ ਨੇ ਕੱਲ੍ਹ 30 ਜੁਲਾਈ ਨੂੰ ਸੂਬਾ ਪੱਧਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਟੇਟ ਸਫ਼ਾਈ ਕਰਮਚਾਰੀ ਯੂਨੀਅਨ ਨੇ ਬੰਦ ਸਫਲ ਬਣਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਸਫ਼ਾਈ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀਆਂ 167 ਵਿਚੋਂ ਬਹੁਗਿਣਤੀ ਸ਼ਹਿਰੀ ਸੰਸਥਾਵਾਂ ਵਿੱਚ ਕੂੜਾ ਚੁੱਕਣ ਅਤੇ ਪ੍ਰਬੰਧਨ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪੰਜਾਬ ਸਟੇਟ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਬੰਦ ਦੀ ਕਾਮਯਾਬੀ ਲਈ ਸਮਰਥਨ ਲੈਣ ਵਾਸਤੇ ਸਮਾਜ ਦੇ ਹਰ ਵਰਗ ਦੀ ਲਾਮਬੰਦੀ ਸ਼ੁਰੂ ਕੀਤੀ ਹੈ ਤਾਂ ਕਿ ਮੁਕੰਮਲ ਤੌਰ ’ਤੇ ਪੰਜਾਬ ਬੰਦ ਕੀਤਾ ਜਾ ਸਕੇ। ਅਜਿਹੇ ਵਿਚ ਸਕੂਲ-ਕਾਲਜ ਆਮ ਵਾਂਗ ਖੁੱਲ੍ਹੇ ਰਹਿਣਗੇ ਜਾਂ ਬੰਦ, ਇਸ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਸਬੰਧੀ ਸਰਕਾਰ ਵੱਲੋਂ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।
ਸਫ਼ਾਈ ਮੁਲਾਜ਼ਮਾਂ ਦੀ ਮੰਗ ਹੈ ਕਿ ਠੇਕੇ ਉਤੇ ਕੰਮ ਕਰਦੇ ਕਰੀਬ 40 ਹਜ਼ਾਰ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਆਊਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਠੇਕੇ ’ਤੇ ਰੱਖੇ ਮੁਲਾਜ਼ਮਾਂ ਵਜੋਂ ਤਰੱਕੀ ਦਿੱਤੀ ਜਾਵੇ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲੇ ਗ਼ੈਰ-ਸੰਗਠਤ ਕਰਮਚਾਰੀਆਂ ਸਮੇਤ ਸਮੁੱਚਾ ਅੰਕੜਾ 56 ਹਜ਼ਾਰ ਨੂੰ ਛੂਹ ਜਾਂਦਾ ਹੈ। ਸਰਕਾਰ ਵੱਲੋਂ ਸ਼ਹਿਰਾਂ ’ਚ ਸਫ਼ਾਈ ਦੀ ਸਮੱਸਿਆ ਦੇ ਬਦਲਵੇਂ ਪ੍ਰਬੰਧ ਕਦਮ ਚੁੱਕੇ ਗਏ ਤਾਂ ਹੜਤਾਲੀ ਸਫ਼ਾਈ ਮੁਲਾਜ਼ਮਾਂ ਨੇ ਉਸ ਦਾ ਵਿਰੋਧ ਕੀਤਾ।
