‘ਆਪ’ ਸਰਕਾਰ ਦਾ ਵਿਧਾਨ ਸਭਾ ਦਾ ਆਖ਼ਰੀ ਸੈਸ਼ਨ ‘ਤਕਰੀਰ ਤੇ ਤਕਰਾਰ’ ਨਾਲ ਖ਼ਤਮ ਹੋ ਗਿਆ। ਜਦੋਂ ‘ਆਪ’ ਸਰਕਾਰ ਦਾ ਪਹਿਲਾ ਸੈਸ਼ਨ ਸੀ, ਉਦੋਂ ਸਦਨ ਨੇ ਨਵੇਂ ਚਿਹਰੇ ਦੇਖੇ ਸਨ ਤੇ ਇਨ੍ਹਾਂ ਚਿਹਰਿਆਂ ਤੋਂ ਪੰਜਾਬ ਨੇ ਆਸਾਂ ਤੱਕੀਆਂ ਸਨ। ਅੱਜ ਪੰਜਾਬ ਵਿਧਾਨ ਸਭਾ ਦੇ ਆਖ਼ਰੀ ਸੈਸ਼ਨ ’ਚ ਵਿਛੜਨ ਦੀ ਅਜੀਬ ਖ਼ਾਮੋਸ਼ੀ ਸੀ ਜਦਕਿ ਕੰਪਲੈਕਸ ਦੇ ਬਾਹਰ ਵਿਰੋਧੀ ਧਿਰ ਦੀ ਤਲਖ਼ੀ ਦਾ ਤੂਫ਼ਾਨ ਸੀ। ਬੇਸ਼ੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਮੁੱਕ ਗਿਆ ਪਰ ਮੁੱਦਿਆਂ ਦੀ ਕਹਾਣੀ ਹਾਲੇ ਨਹੀਂ ਮੁੱਕੀ।
ਜਦੋਂ ‘ਆਪ’ ਸਰਕਾਰ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਸੀ, ਉਦੋਂ ਬਸੰਤੀ ਰੰਗ ਦੀਆਂ ਪੱਗਾਂ ਹੀ ਪੱਗਾਂ ਨਜ਼ਰ ਪੈਂਦੀਆਂ ਸਨ। ਅੱਜ ਜਦੋਂ ਆਖ਼ਰੀ ਸੈਸ਼ਨ ਸੀ ਤਾਂ ਬਸੰਤੀ ਰੰਗ ਗ਼ਾਇਬ ਸੀ। ਸਿਰਫ਼ ਨੌਂ ਵਿਧਾਇਕਾਂ ਤੇ ਵਜ਼ੀਰਾਂ ਦੇ ਬਸੰਤੀ ਰੰਗ ਦੀ ਪੱਗ ਸਜੀ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀਲੇ ਰੰਗ ਦੀ ਪੱਗ ਪਹਿਲੇ ਦਿਨ ਵੀ ਬੰਨ੍ਹੀ ਹੋਈ ਸੀ ਅਤੇ ਅੱਜ ਵੀ ਉਹ ਬਸੰਤੀ ਪੱਗ ’ਚ ਸਨ। ਪਹਿਲੇ ਸੈਸ਼ਨ ’ਚ ਪਹੁੰਚੇ ‘ਆਪ’ ਵਿਧਾਇਕਾਂ ਦਾ ਲਿਬਾਸ ਸਾਦਾ ਸੀ ਅੱਜ ਆਖ਼ਰੀ ਦਿਨ ਵਿਧਾਇਕਾਂ ਦੀ ਰਹਿਣੀ ਬਹਿਣੀ ’ਤੇ ਸੱਤਾ ਦੇ ਰੰਗ ਦੀ ਚਮਕ ਸੀ।
