ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੇ ਪਤੀ ਜੈ ਮਹਿਤਾ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮਸ਼ਹੂਰ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (KKR) ਵਿੱਚ ਆਪਣੀ ਹਿੱਸੇਦਾਰੀ ਵੇਚਣ ਜਾ ਰਹੇ ਹਨ। ਟੀਮ ਵਿੱਚ ਉਨ੍ਹਾਂ ਦੀ ਕੁੱਲ 45 ਫ਼ੀਸਦੀ ਹਿੱਸੇਦਾਰੀ ਹੈ, ਜਿਸ ਵਿੱਚੋਂ 22.5 ਫ਼ੀਸਦੀ ਹਿੱਸਾ ਉਹ ਇੱਕ ਅਮਰੀਕੀ ਕੰਪਨੀ ਨੂੰ ਵੇਚਣ ਦੀ ਤਿਆਰੀ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਜੈ ਮਹਿਤਾ ਆਪਣੀ 45 ਫ਼ੀਸਦੀ ਹਿੱਸੇਦਾਰੀ ਦਾ ਅੱਧਾ ਹਿੱਸਾ ਅਮਰੀਕੀ ਇਨਵੈਸਟਮੈਂਟ ਮੈਨੇਜਮੈਂਟ ਫਰਮ ‘ਏਰੇਸ ਮੈਨੇਜਮੈਂਟ’ ਨੂੰ ਵੇਚ ਰਹੇ ਹਨ। ਦੱਸ ਦੇਈਏ ਕਿ ਏਰੇਸ ਮੈਨੇਜਮੈਂਟ ਕੋਲ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਚੈਲਸੀ ਫੁੱਟਬਾਲ ਕਲੱਬ (Chelsea FC) ਅਤੇ ਐੱਨਐੱਫਐੱਲ (NFL) ਵਿੱਚ ਮਿਆਮੀ ਡੌਲਫਿਨਸ ਸਮੇਤ ਕਈ ਵੱਡੀਆਂ ਗਲੋਬਲ ਸਪੋਰਟਿੰਗ ਪ੍ਰਾਪਰਟੀਜ਼ ਦੀ ਮਾਲਕੀ ਵੀ ਹੈ।
ਕ੍ਰਿਕਬਜ਼ ਦੀ ਇੱਕ ਰਿਪੋਰਟ ਅਨੁਸਾਰ, ਜੈ ਮਹਿਤਾ ਕੇਕੇਆਰ (KKR) ਵਿੱਚ ਆਪਣਾ 22.5 ਫ਼ੀਸਦੀ ਹਿੱਸਾ ਲਗਭਗ 400 ਮਿਲੀਅਨ ਡਾਲਰ ਵਿੱਚ ਟ੍ਰਾਂਸਫਰ ਕਰ ਰਹੇ ਹਨ। ਇਹ ਰਕਮ ਭਾਰਤੀ ਕਰੰਸੀ ਮੁਤਾਬਕ ਕਰੀਬ 3,739 ਕਰੋੜ ਰੁਪਏ ਬਣਦੀ ਹੈ। ਇਸ ਸੌਦੇ ਦੇ ਹਿਸਾਬ ਨਾਲ ਕੋਲਕਾਤਾ ਨਾਈਟ ਰਾਈਡਰਜ਼ ਦੀ ਕੁੱਲ ਵੈਲਿਊਏਸ਼ਨ 1.78 ਬਿਲੀਅਨ ਡਾਲਰ ਯਾਨੀ ਲਗਭਗ 16,634 ਕਰੋੜ ਰੁਪਏ ਆਂਕੀ ਗਈ ਹੈ।
