ਅੰਮ੍ਰਿਤਸਰ ਦੇ ਇੱਕ ਪ੍ਰਸਿੱਧ ਸਾਊਥ ਇੰਡੀਅਨ (South Indian Cafe) ਕੈਫੇ ਦੇ ਵੜਾ ਪਾਵ ‘ਚ ਕੀੜਾ ਨਿਕਲਣ ਦੀ ਖ਼ਬਰ ਹੈ। ਗਾਹਕ ਨੇ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪਾਈ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਘਟਨਾ ਸ਼ਹਿਰ ਦੇ ਪਾਸ਼ ਇਲਾਕੇ ਮਦਨ ਮੋਹਨ ਮਾਲਵੀਆ ਰੋਡ ਸਥਿਤ ‘ਨਾਟਿਅਮ’ ਕੈਫੇ ਦੀ ਹੈ।
ਅੰਮ੍ਰਿਤਸਰ ਦੇ ਪੌਸ਼ ਇਲਾਕੇ ਵਿੱਚ ਪਰੋਸੇ ਗਏ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਹੁਣ ਸਵਾਲ ਖੜ੍ਹੇ ਹੋ ਗਏ ਹਨ। ਇੱਥੇ ਖਾਣਾ ਖਾਣ ਪਹੁੰਚੇ ਇੱਕ ਗਾਹਕ ਦੀ ਪਲੇਟ ਵਿੱਚ ਪਰੋਸੇ ਗਏ ਵੜੇ ਦੇ ਅੰਦਰ ਕਥਿਤ ਤੌਰ ’ਤੇ ਮਰਿਆ ਹੋਇਆ ਕੀੜਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਗਾਹਕ ਦੇ ਮੁਤਾਬਕ, ਉਹ ਕੈਫੇ ਵਿੱਚ ਸਾਊਥ ਇੰਡੀਅਨ ਖਾਣਾ ਖਾਣ ਗਿਆ ਸੀ। ਆਰਡਰ ਮਿਲਣ ਤੋਂ ਬਾਅਦ ਜਿਵੇਂ ਹੀ ਉਸ ਨੇ ਵੜੇ ਦੀ ਪਹਿਲੀ ਬਾਈਟ ਲਈ ਤਾਂ ਉਸ ਨੂੰ ਇਸ ਦੇ ਅੰਦਰ ਕੀੜਾ ਨਜ਼ਰ ਆਇਆ। ਇਸ ਤੋਂ ਬਾਅਦ ਉਸ ਨੇ ਤੁਰੰਤ ਕੈਫੇ ਪ੍ਰਬੰਧਨ ਨੂੰ ਇਸ ਦੀ ਸ਼ਿਕਾਇਤ ਕੀਤੀ। ਗਾਹਕ ਦਾ ਦਾਅਵਾ ਹੈ ਕਿ ਸ਼ਿਕਾਇਤ ਮਿਲਣ ’ਤੇ ਦੁਕਾਨਦਾਰ ਨੇ ਮੌਕੇ ’ਤੇ ਗਲਤੀ ਮੰਨਦਿਆਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਹ ਸਭ ਅਣਜਾਣੇ ਵਿੱਚ ਹੋਇਆ। ਗਾਹਕ ਨੇ ਪੂਰੇ ਮਾਮਲੇ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਰਿਕਾਰਡ ਕਰ ਲਿਆ।
