ਬਰਨਾਲਾ ਧਨੌਲਾ ਥਾਣਾ ਇਲਾਕੇ ਦੇ ਪਿੰਡ ਭੱਠਲਾਂ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਨੇ ਧਨੌਲਾ ਪੁਲਿਸ ਥਾਣੇ ‘ਚ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਲਾਜ ਲਈ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਜੋਬਨਪ੍ਰੀਤ ਸਿੰਘ ਵੱਲੋਂ ਧਨੌਲਾ ਥਾਣੇ ਦੇ ਮੁਨਸ਼ੀ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਇਨ੍ਹਾਂ ਇਲਜ਼ਾਮਾਂ ਦੀ ਅਜੇ ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਜੋਬਨਪ੍ਰੀਤ ਸਿੰਘ ਦੇ ਮੁਤਾਬਕ, ਉਸ ਦੀ ਸਵਿਫਟ ਕਾਰ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਇਸ ਘਟਨਾ ਸਬੰਧੀ ਪੁਲਿਸ ਰਿਪੋਰਟ ਲੈਣ ਲਈ ਉਹ ਪਿਛਲੇ ਕਰੀਬ 17 ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਸੀ।
ਉਸ ਨੇ ਇਲਜ਼ਾਮ ਲਗਾਇਆ ਕਿ ਰਿਪੋਰਟ ਤਿਆਰ ਕਰਨ ਦੇ ਨਾਂ ‘ਤੇ ਉਸ ਤੋਂ 5 ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਉਸ ਮੁਤਾਬਕ, ਉਹ ਪਿੰਡ ਦੇ ਛੇ ਪੰਚਾਇਤ ਮੈਂਬਰਾਂ ਤੇ ਮੌਜੂਦਾ ਸਰਪੰਚ ਨੂੰ ਨਾਲ ਲੈ ਕੇ ਥਾਣੇ ਵੀ ਪਹੁੰਚਿਆ ਸੀ, ਜਿਸ ਤੋਂ ਬਾਅਦ ਐਸਐਚਓ ਰਾਹੀਂ ਉਸ ਨੂੰ ਡੀਡੀਆਰ ਮਿਲੀ। ਵਾਇਰਲ ਹੋਈ ਵੀਡੀਓ ‘ਚ, ਆਪਣੀਆਂ ਸ਼ਿਕਾਇਤਾਂ ਬਿਆਨ ਕਰਦਿਆਂ, ਨੌਜਵਾਨ ਨੇ ਥਾਣੇ ਦੇ ਇੱਕ ਮੁਨਸ਼ੀ ਐਸਐਚਓ ਤੇ ਇੱਕ ਪਟਵਾਰੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਸ ਨੇ ਇਹ ਵੀ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਵਾਲੀਆ ‘ਚ ਇੱਕ ਪਟਵਾਰੀ ਨਾਲ ਜੁੜੇ ਮਾਮਲੇ ਕਾਰਨ ਉਸ ਦੀ ਜ਼ਮੀਨ ਦਾ ਨੁਕਸਾਨ ਹੋਇਆ ਸੀ।
