ਅੰਮ੍ਰਿਤਸਰ ਦੇ ਬਿਆਸ ਨੇੜੇ ਪਿੰਡ ਗਾਜ਼ੀਵਾਲ ਵਿੱਚ ਸ਼ਨੀਵਾਰ ਦੁਪਹਿਰ ਨੂੰ ਜ਼ਮੀਨੀ ਵਿਵਾਦ (Land Dispute) ਨੂੰ ਲੈ ਕੇ ਗੋਲੀਬਾਰੀ ਹੋਈ, ਜਿਸ ਵਿੱਚ ਡੇਰਾ ਬਿਆਸ ਦੇ ਇੱਕ ਸੇਵਾਦਾਰ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਵਲੰਟੀਅਰ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਦੋਵੇਂ ਡੇਰਾ ਬਿਆਸ ਨਾਲ ਜੁੜੇ ਹੋਏ ਸਨ ਅਤੇ ਸ਼ਨੀਵਾਰ ਨੂੰ ਜ਼ਮੀਨ ਦੇ ਟੁਕੜੇ ‘ਤੇ ਖੇਤੀ ਕਰਨ ਲਈ ਪਿੰਡ ਗਾਜ਼ੀਵਾਲ ਪਹੁੰਚੇ ਸਨ ਜਦੋਂ ਤਿੰਨ ਤੋਂ ਚਾਰ ਲੋਕਾਂ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸਰਵਣ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਕੁੱਝ ਸਮਾਂ ਪਹਿਲਾਂ ਆਪਣੀ ਜ਼ਮੀਨ ਡੇਰਾ ਬਿਆਸ ਨੂੰ ਵੇਚੀ ਗਈ ਸੀ, ਜਿਸ ਨੂੰ ਵਾਹੁਣ ਲਈ ਡੇਰਾ ਬਿਆਸ ਦੇ ਸੇਵਾਦਾਰ ਇਥੇ ਸੇਵਾ ਕਰਨ ਲਈ ਆਏ ਸਨ। ਪਰੰਤੂ ਇਸ ਦੌਰਾਨ ਸਰਵਣ ਸਿੰਘ ਦੇ ਭਰਾ ਯੁੱਧਵੀਰ ਸਿੰਘ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਯੁੱਧਵੀਰ, ਸਰਵਣ ਸਿੰਘ ਵੱਲੋਂ ਵੇਚੀ ਇਸ ਜ਼ਮੀਨ ਵਿੱਚ ਅਜੇ ਵੀ ਆਪਣਾ ਹੱਕ ਜਤਾਉਂਦਾ ਸੀ, ਜਿਸ ਨੂੰ ਲੈ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
