ਅਮਰੀਕਾ ਵਿੱਚ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਸਿਖ਼ਰਾਂ ‘ਤੇ ਹਨ। ਇਸ ਚੋਣ ਦੌਰ ਦੌਰਾਨ ਕੁਝ ਸਿਆਸੀ ਧਿਰਾਂ ਅਤੇ ਆਗੂਆਂ ਵੱਲੋਂ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਰਤੀ ਪੇਸ਼ੇਵਰਾਂ ਦੇ ਅਮਰੀਕਾ ਵਿੱਚ ਰੁਜ਼ਗਾਰ ਦਾ ਮੁੱਖ ਆਧਾਰ ਮੰਨੇ ਜਾਂਦੇ H-1B ਵੀਜ਼ਾ ਪ੍ਰੋਗਰਾਮ ‘ਤੇ ਸਖ਼ਤ ਪਾਬੰਦੀਆਂ ਅਤੇ ਨਿਯਮ ਲਾਗੂ ਕਰਨ ਦੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਹਨ। ਇਸ ਸੰਦਰਭ ਵਿੱਚ ਪ੍ਰਮੁੱਖ ਗ਼ੈਰ-ਪੱਖਪਾਤੀ ਸੰਸਥਾ ‘ਇੰਡੀਆਸਪੋਰਾ’ ਨੇ ਅਮਰੀਕੀ ਪ੍ਰਸ਼ਾਸਨ ਅਤੇ ਨੀਤੀ ਘਾੜਿਆਂ ਨੂੰ ਚੌਕਸ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ H-1B ਵੀਜ਼ਾ ਧਾਰਕਾਂ ਨੂੰ ਸਿਆਸੀ ਲਾਹਾ ਲੈਣ ਲਈ ਨਿਸ਼ਾਨਾ ਬਣਾਉਣਾ ਅਮਰੀਕਾ ਦੀ ਆਪਣੀ ਆਰਥਿਕਤਾ ਲਈ ਗੰਭੀਰ ਜੋਖ਼ਮ ਸਾਬਤ ਹੋ ਸਕਦਾ ਹੈ।
30 ਅਕਤੂਬਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਸੰਸਥਾ ਨੇ ਡੂੰਘੀ ਚਿੰਤਾ ਪ੍ਰਗਟਾਈ ਕਿ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਬਦਨਾਮ ਕਰਨ ਲਈ ਸੌੜੇ ਸਿਆਸੀ ਯਤਨ ਕੀਤੇ ਜਾ ਰਹੇ ਹਨ। ਸੰਸਥਾ ਨੇ ਸਪੱਸ਼ਟ ਕੀਤਾ ਕਿ ਇਹ ਹੁਨਰਮੰਦ ਭਾਰਤੀ ਪੇਸ਼ੇਵਰ ਸਿਹਤ ਸੰਭਾਲ, ਉੱਨਤ ਤਕਨਾਲੋਜੀ ਅਤੇ ਸਿੱਖਿਆ ਵਰਗੇ ਅਤਿ-ਮਹੱਤਵਪੂਰਨ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ ਅਤੇ ਅਮਰੀਕੀ ਵਿਕਾਸ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹਨ।
