ਜਲੰਧਰ, ਜਨਗਣਨਾ-2027 ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਅਹਿਮ ਕੌਮੀ ਪ੍ਰਕਿਰਿਆ ਵਿਚ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਜਲੰਧਰ ਵਿੱਚ ਐਲ.ਈ.ਡੀ.ਨਾਲ ਲੈਸ ਵਿਸ਼ੇਸ਼ ਵੈਨ ਰਾਹੀਂ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਇਸ ਵਿਸ਼ੇਸ਼ ਵੈਨ ਨੂੰ ਐਸ.ਈ.-ਕਮ-ਚਾਰਜ ਅਫ਼ਸਰ ਜਸਪਾਲ ਲੱਖਾ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ, ਜੋ ਕਿ ਸ਼ਹਿਰ ਦੇ ਵੱਖ-ਵੱਖ ਸਥਾਨਾ ‘ਤੇ ਲੋਕਾਂ ਨੂੰ ਜਨਗਣਨਾ ਸਬੰਧੀ ਜਾਗਰੂਕ ਕਰੇਗੀ।
ਸ਼੍ਰੀ ਜਸਪਾਲ ਨੇ ਦੱਸਿਆ ਕਿ ਇਸ ਵੈਨ ਰਾਹੀਂ ਆਡੀਓ-ਵੀਡੀਓ ਸੰਦੇਸ਼ਾਂ ਦੇ ਮਾਧਿਅਮ ਨਾਲ ਜਨਗਣਨਾ-2027 ਦੀ ਮਹੱਤਤਾ, ਇਸ ਦੀ ਪ੍ਰਕਿਰਿਆ ਅਤੇ ਸਵੈ-ਗਣਨਾ ਦੀ ਆਨਲਾਈਨ ਸਹੂਲਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਨਗਰ ਨਿਗਮ ਵਲੋਂ ਵੀ ਜਨਗਣਨਾ ਪ੍ਰੋਗਰਾਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਨਗਣਨਾ-2027 ਤਹਿਤ ਸਵੈ-ਗਣਨਾ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 30 ਨਵੰਬਰ 2026 ਤੱਕ ਜਾਰੀ ਰਹੇਗੀ। ਉਨ੍ਹਾਂ ਨਾਗਰਿਕਾਂ ਨੂੰ ਸਵੈ ਗਣਨਾ ਤਹਿਤ ਆਨਲਾਈਨਲ ਪੋਰਟਲ se.census.gov.in ਰਾਹੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਵੇਰਵੇ ਦਰਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਹਰੇਕ ਪਰਿਵਾਰ ਨੂੰ ਇਕ ਵਿਲੱਖਣ ਕੋਡ ਜਾਰੀ ਕੀਤਾ ਜਾਵੇਗਾ, ਜਿਸ ਨੂੰ ਘਰ-ਘਰ ਜਨਗਣਨਾ ਕਰਨ ਲਈ ਆਉਣ ਵਾਲੇ ਅਧਿਕਾਰਤ ਕਰਮਚਾਰੀ ਨਾਲ ਸਾਂਝਾ ਕਰਨਾ ਲਾਜ਼ਮੀ ਹੋਵੇਗਾ।
ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੈ-ਗਣਨਾ ਦੀ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਪਰਿਵਾਰ ਦੀ ਸਹੀ ਜਾਣਕਾਰੀ ਆਨਲਾਈਨ ਦਰਜ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੇਖਰ ਮੋਤਲਾ, ਵਿਨੈ ਮਲਹੋਤਰਾ ਤੇ ਮਿਯੰਕ ਸ਼ਰਮਾ ਵੀ ਮੌਜੂਦ ਸਨ।
