Business Khas

Latest news

ਪ੍ਰਸ਼ਾਸਨ ਨੇ ਚੋਣ ਖਰਚੇ ‘ਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨਿਗਰਾਨ ਟੀਮਾਂ ਨੂੰ ਮੁਹੱਈਆ ਕਰਵਾਈ ਸਿਖਲਾਈ

ਜਲੰਧਰ, (ਸੰਜੇ ਸ਼ਰਮਾ)-ਚੋਣ ਖਰਚੇ ‘ਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਗਠਿਤ ਵੱਖ-ਵੱਖ ਟੀਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸਿਖਲਾਈ ਮੁਹੱਈਆ ਕਰਵਾਈ ਗਈ ਤਾਂ ਜੋ ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੇ ਚੋਣ ਖਰਚੇ ‘ਤੇ ਸਖ਼ਤ ਨਜ਼ਰ ਰੱਖੀ ਜਾ ਸਕੇ। ਇਸ ਸਿਖਲਾਈ ਦੌਰਾਨ ਖਰਚਾ ਨਿਗਰਾਨ ਸੈੱਲ, ਲੇਖਾ ਟੀਮਾਂ ਦੇ ਮੈਂਬਰਾਂ, ਵਿਧਾਨ ਸਭਾ ਹਲਕਾ ਪੱਧਰ ਦੇ ਸਹਾਇਕ ਖਰਚਾ ਨਿਗਰਾਨ, ਐਮ.ਸੀ.ਐਮ.ਸੀ., ਫਲਾਇੰਗ ਸਕੁਐਡ, ਵੀਡੀਓ ਸਰਵੀਲੈਂਸ, ਸਟੈਟਿਕ ਸਰਵੀਲੈਂਸ ਤੇ ਵੀਡੀਓ ਵਿਊਇੰਗ ਟੀਮਾਂ ਦੇ ਮੈਂਬਰਾਂ ਨੇ ਭਾਗ ਲਿਆ।

          ਸਿਖਲਾਈ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਹਰੇਕ ਉਮੀਦਵਾਰ ਲਈ ਖਰਚੇ ਦੀ ਸੀਮਾ 95 ਲੱਖ ਰੁਪਏ ਤੈਅ ਕੀਤੀ ਗਈ ਹੈ, ਜਿਸ ਲਈ ਖਰਚਾ ਨਿਗਰਾਨ ਟੀਮਾਂ ਦੇ ਸਮੂਹ ਮੈਂਬਰਾਂ ਨੂੰ ਚੋਣ ਖਰਚੇ ਦੀ ਗਣਨਾ ਕਰਨ ਦੀ ਵਿਧੀ ਤੋਂ ਜਾਣੂ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਟੀਮ ਮੈਂਬਰਾਂ ਨੂੰ ਚੋਣ ਖਰਚੇ ਦੀ ਗਣਨਾ ਲਈ ਅਪਣਾਈ ਜਾਣ ਵਾਲੀ ਕਾਰਜਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਹੈ ਤਾਂ ਜੋ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪੱਧਰ ’ਤੇ ਸਹਾਇਕ ਖਰਚਾ ਨਿਗਰਾਨ ਤਾਇਨਾਤ ਕਰਨ ਦੇ ਨਾਲ-ਨਾਲ ਉਮੀਦਵਾਰਾਂ ਦੇ ਖਰਚ ’ਤੇ ਨਜ਼ਰਸਾਨੀ ਲਈ ਜ਼ਿਲ੍ਹਾ ਪੱਧਰੀ ਨਿਗਰਾਨ ਸੈੱਲ (ਡੀ.ਈ.ਐਮ.ਸੀ.) ਵੀ ਸਥਾਪਤ ਕੀਤਾ ਗਿਆ ਹੈ, ਜੋ ਕਿ 13 ਅਪ੍ਰੈਲ ਨੂੰ ਨਾਮਜ਼ਦਗੀਆਂ ਦੀ ਸ਼ੁਰੂਆਤ ਦੇ ਨਾਲ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀਆਂ ਹਦਾਇਤ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਸਿਖਲਾਈ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਬੰਧਤ ਅਧਿਕਾਰੀਆਂ ਨੂੰ ਆਪਣੇ ਫਰਜ਼ਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਕ ਸਾਬਤ ਹੋਵੇਗੀ।