ਦੇਸ਼ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਖ਼ਾਸ ਤੌਰ ‘ਤੇ ਚਾਂਦੀ ਦੇ ਭਾਅ ਵਿੱਚ ਆਈ ਵੱਡੀ ਕਮੀ ਨੇ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਚਾਂਦੀ ਦੀਆਂ ਕੀਮਤਾਂ 5.7 ਫ਼ੀਸਦੀ ਤੱਕ ਡਿੱਗ ਗਈਆਂ। ਇਸ ਗਿਰਾਵਟ ਨਾਲ ਚਾਂਦੀ ਦਾ ਵਾਅਦਾ ਭਾਅ 1,43,748 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ, ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 8,748 ਰੁਪਏ ਘੱਟ ਹੈ। ਕੌਮਾਂਤਰੀ ਬਾਜ਼ਾਰ ਵਿੱਚ ਵੀ ਚਾਂਦੀ ਦੀ ਚਮਕ ਫਿੱਕੀ ਪੈਂਦੀ ਦਿਖਾਈ ਦਿੱਤੀ। ਇੱਥੇ ਚਾਂਦੀ ਦਾ ਭਾਅ ਡਿੱਗ ਕੇ ਲਗਭਗ 41 ਡਾਲਰ ਪ੍ਰਤੀ ਔਂਸ ਦੇ ਪੱਧਰ ‘ਤੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਵਿਕਰੀ ਦਾ ਦਬਾਅ ਵਧਣ ਅਤੇ ਅਮਰੀਕੀ ਡਾਲਰ ਮਜ਼ਬੂਤ ਹੋਣ ਕਾਰਨ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਚਾਂਦੀ ਲਗਭਗ 14 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਵੱਲੋਂ 25 ਨਵੰਬਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 999 ਸ਼ੁੱਧਤਾ ਵਾਲੀ ਚਾਂਦੀ ਦਾ ਸਵੇਰ ਦਾ ਹਵਾਲਾ ਭਾਅ 1,43,522 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ।ਚਾਂਦੀ ਦੇ ਨਾਲ-ਨਾਲ ਸੋਨੇ ਦੀਆਂ ਕੀਮਤਾਂ ਵਿੱਚ ਵੀ ਵੱਡੀ ਕਮੀ ਦਰਜ ਕੀਤੀ ਗਈ। MCX ‘ਤੇ ਸੋਨੇ ਦਾ ਵਾਅਦਾ ਭਾਅ ਲਗਭਗ 3 ਫ਼ੀਸਦੀ ਡਿੱਗ ਕੇ 1,20,945 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਉੱਧਰ, ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵੀ ਘਟ ਕੇ ਲਗਭਗ 3,525 ਡਾਲਰ ਪ੍ਰਤੀ ਔਂਸ ਰਹਿ ਗਈ।
