ਕਹਿੰਦੇ ਹਨ ਕਿ ਕਿਸਮਤ ਕਦੋਂ ਬਦਲ ਜਾਵੇ, ਕਿਸੇ ਨੂੰ ਪਤਾ ਨਹੀਂ ਹੁੰਦਾ ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਪਿੰਡ ਗਗਨਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਿਹਨਤਕਸ਼ ਮਜ਼ਦੂਰ ਦੀ ਕਿਸਮਤ ਉਸ ਸਮੇਂ ਚਮਕ ਗਈ, ਜਦੋਂ ਉਸ ਵੱਲੋਂ ਮਹਿਜ਼ 20 ਰੁਪਏ ਵਿੱਚ ਖਰੀਦੀ ਗਈ ਲਾਟਰੀ ਟਿਕਟ ਨੇ 11 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ। ਖ਼ਾਸ ਗੱਲ ਇਹ ਹੈ ਕਿ ਬਲਵਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਆਪਣੀ ਤਿੰਨ ਸਾਲ ਦੀ ਧੀ ਜਸਲੀਨ ਕੌਰ ਦੇ ਨਾਂ ‘ਤੇ ਲਾਟਰੀ ਦੀਆਂ ਟਿਕਟਾਂ ਖਰੀਦਦਾ ਆ ਰਿਹਾ ਸੀ। ਇਸ ਵਾਰ ਗੁਰਪੁਰਬ ਮੌਕੇ ਖਰੀਦੀ ਟਿਕਟ ਨੇ ਉਸ ਦੀਆਂ ਉਮੀਦਾਂ ਨੂੰ ਖੁਸ਼ੀਆਂ ਵਿੱਚ ਬਦਲ ਦਿੱਤਾ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਅਤੇ ਰੋਜ਼ਾਨਾ 500 ਤੋਂ 600 ਰੁਪਏ ਦਿਹਾੜੀ ਕਮਾਉਂਦਾ ਹੈ। ਲਾਟਰੀ ਜਿੱਤਣ ਦੀ ਖ਼ਬਰ ਉਸ ਸਮੇਂ ਮਿਲੀ, ਜਦੋਂ ਉਹ ਆਪਣੇ ਚਾਚੇ ਦੇ ਪੁੱਤਰ ਦੇ ਵਿਆਹ ਸਮਾਗਮ ਵਿੱਚ ਰੁੱਝਿਆ ਹੋਇਆ ਸੀ। ਫੋਨ ‘ਤੇ ਮਿਲੀ ਜਾਣਕਾਰੀ ਤੋਂ ਬਾਅਦ ਜਦੋਂ ਉਸ ਨੇ ਘਰ ਪਹੁੰਚ ਕੇ ਟਿਕਟ ਨੰਬਰ ਦੀ ਜਾਂਚ ਕੀਤੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਲਵਿੰਦਰ ਸਿੰਘ ਨੇ ਕਿਹਾ ਕਿ ਉਹ 11 ਲੱਖ ਰੁਪਏ ਦੀ ਸਾਰੀ ਇਨਾਮੀ ਰਾਸ਼ੀ ਆਪਣੀ ਧੀ ਜਸਲੀਨ ਕੌਰ ਨੂੰ ਸੌਂਪੇਗਾ। ਉਸ ਦੀ ਮਾਤਾ ਜੀਤੋ ਬਾਈ ਨੇ ਦੱਸਿਆ ਕਿ ਲਾਟਰੀ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਾਸੀ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚਣ ਲੱਗੇ।
ਇਸ ਤੋਂ ਬਾਅਦ ਪਰਿਵਾਰ ਗੁੰਬਰ ਲਾਟਰੀ ਏਜੰਸੀ ਵਿਖੇ ਪਹੁੰਚਿਆ, ਜਿੱਥੇ ਢੋਲ ਦੀਆਂ ਤਾਲਾਂ ‘ਤੇ ਨੱਚ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਬਾਜ਼ਾਰ ਵਿੱਚ ਲੱਡੂ ਵੀ ਵੰਡੇ ਗਏ। ਗੁੰਬਰ ਲਾਟਰੀ ਏਜੰਸੀ ਦੇ ਸੰਚਾਲਕ ਅਨਮੋਲ ਗੁੰਬਰ ਨੇ ਦੱਸਿਆ ਕਿ ਗੁਰਪੁਰਬ ਵਾਲੇ ਦਿਨ ਬਲਵਿੰਦਰ ਸਿੰਘ ਨੇ ਉਨ੍ਹਾਂ ਦੀ ਦੁਕਾਨ ਤੋਂ ਪੰਜਾਬ ਸਟੇਟ ਡੀਅਰ ਲਾਟਰੀ ਬੰਪਰ ਦੀ 20 ਰੁਪਏ ਵਾਲੀ ਟਿਕਟ ਨੰਬਰ E-94031 ਖਰੀਦੀ ਸੀ, ਜਿਸ ਨੇ 11 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇੱਕ ਮਜ਼ਦੂਰ ਪਰਿਵਾਰ ਲਈ ਇਹ ਜਿੱਤ ਸਿਰਫ਼ 11 ਲੱਖ ਰੁਪਏ ਦਾ ਇਨਾਮ ਹੀ ਨਹੀਂ, ਸਗੋਂ ਧੀ ਦੇ ਭਵਿੱਖ ਲਈ ਖੁਸ਼ੀਆਂ ਭਰੀ ਨਵੀਂ ਉਮੀਦ ਵੀ ਬਣ ਗਈ ਹੈ।
