Business Khas

Latest news

ਬੱਸ ‘ਚ ਬੇਹੋਸ਼ ਹੋਇਆ ਡਰਾਈਵਰ, 7ਵੀਂ ਦੇ ਵਿਦਿਆਰਥੀ ਦੀ ਫੁਰਤੀ ਕਾਰਨ ਬਚੀ 66 ਬੱਚਿਆਂ ਦੀ ਜਾਨ

ਹਾਲ ਹੀ ਵਿਚ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ 7ਵੀਂ ਜਮਾਤ ਦੇ ਇਕ ਬੱਚੇ ਨੇ ਆਪਣੀ ਫੁਰਤੀ ਦਿਖਾਉਂਦੇ ਹੋਏ ਸਕੂਲ ਦੇ 66 ਬੱਚਿਆਂ ਦੀ ਜਾਨ ਬਚਾ ਲਈ।ਵਾਇਰਲ ਹੋ ਰਹੀ ਇਸ ਵੀਡੀਓ ਵਿਚ ਇੱਕ ਸਕੂਲ ਬੱਸ ਦਾ ਡਰਾਈਵਰ ਬੱਸ ਚਲਾਉਂਦਾ ਨਜ਼ਰ ਆ ਰਿਹਾ ਹੈ। ਬੱਸ ਡਰਾਈਵਰ ਦਾ ਅਚਾਨਕ ਦਮ ਘੁੱਟਣ ਲੱਗਦਾ ਹੈ। ਉਹ ਕੰਬਦਾ ਹੈ ਅਤੇ ਬੇਹੋਸ਼ ਹੋਣ ਲੱਗਦਾ ਹੈ। ਇਸ ਦੌਰਾਨ ਬੱਚਾ ਤੁਰੰਤ ਹਰਕਤ ਵਿੱਚ ਆਉਂਦਾ ਹੈ ਅਤੇ ਸਟੇਅਰਿੰਗ ਸੰਭਾਲ ਕੇ ਬੱਸ ਨੂੰ ਰੋਕ ਦਿੰਦਾ ਹੈ। ਇਹ ਘਟਨਾ ਬੁੱਧਵਾਰ ਨੂੰ ਮਿਸ਼ੀਗਨ ‘ਚ ਵਾਪਰੀ। ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਵਿਦਿਆਰਥੀ ਡਿਲਨ ਰੀਵਜ਼ ਕੈਮਰੇ ਦੇ ਫਰੇਮ ਵਿੱਚ ਦਿਖਾਈ ਦਿੰਦਾ ਹੈ ਅਤੇ ਸਟੀਅਰਿੰਗ ਵੀਲ ਨੂੰ ਸੰਭਾਲਦਾ ਹੈ। Fox2 Detroit ਦੇ ਅਨੁਸਾਰ, ਉਹ ਤੁਰਤ ਬਰੇਕਾਂ ਦੀ ਵਰਤੋਂ ਕਰਕੇ ਬੱਸ ਨੂੰ ਸੁਰੱਖਿਅਤ ਰੋਕ ਲੈਂਦਾ ਹੈ। ਸੁਪਰਡੈਂਟ ਰੌਬਰਟ ਲਿਵਰਨੋਇਸ ਮੁਤਾਬਕ ਇਸ ਦੌਰਾਨ ਬੱਸ ਹਾਦਸੇ ਦਾ ਸ਼ਿਕਾਰ ਹੋਣ ਹੀ ਵਾਲੀ ਸੀ। ਜਿਵੇਂ ਹੀ ਉਸ ਨੇ ਬੱਸ ਰੋਕੀ ਤਾਂ ਉਸ ਨੇ ਕਿਹਾ, ‘ਕੋਈ 911 (ਐਮਰਜੈਂਸੀ ਨੰਬਰ) ’ਤੇ ਕਾਲ ਕਰੋ।’

ਇਸ ਨਾਲ ਡਿਲਨ ਨੇ ਬਾਕੀ ਬੱਚਿਆਂ ਨੂੰ ਸ਼ਾਂਤ ਰਹਿਣ ਲਈ ਕਿਹਾ। ਘਟਨਾ ਦੇ ਸਮੇਂ ਬੱਸ ਵਿਚ ਕਰੀਬ 66 ਯਾਤਰੀ ਸਵਾਰ ਸਨ। ਇਸ ਸਮੇਂ ਵਿਦਿਆਰਥੀਆਂ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਹਨ।

ਲਿਵਰਨੋਇਸ ਦੇ ਅਨੁਸਾਰ, ਡਰਾਈਵਰ ਨੇ ਇਹ ਸੂਚਿਤ ਕਰਨ ਲਈ ਐਮਰਜੈਂਸੀ ਸਿਗਨਲ ਭੇਜਿਆ ਸੀ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਉਹ ਵਾਹਨ ਨੂੰ ਰੋਕ ਦੇਵੇਗਾ। ਡਰਾਈਵਰ ਦੇ ਪਿੱਛੇ ਪੰਜਵੀਂ ਕਤਾਰ ਵਿੱਚ ਵਿਦਿਆਰਥੀ ਡਿਲਨ ਬੈਠਾ ਸੀ। ਡਰਾਈਵਰ ਦੇ ਬੇਹੋਸ਼ ਹੋਣ ਦੇ ਕੁਝ ਸਕਿੰਟਾਂ ਵਿਚ ਹੀ ਛਾਲ ਮਾਰ ਕੇ ਅੱਗੇ ਆ ਗਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਸਟੀਅਰਿੰਗ ਵ੍ਹੀਲ ਨੂੰ ਫੜ ਕੇ ਬ੍ਰੇਕ ਲਗਾ ਰਿਹਾ ਹੈ। ਪੂਰੇ ਸਕੂਲ ਨੇ ਵੀਰਵਾਰ ਨੂੰ ਇੱਕ ਵਿਸ਼ੇਸ਼ ਸਮਾਰੋਹ ਵਿੱਚ ਡਿਲਨ ਨੂੰ ਸਲਾਮ ਕੀਤਾ।