ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਖੁਰਦ ਵਿੱਚ ਇੱਕ ਔਰਤ ਨੇ ਆਪਣੇ ਦਿਓਰ ਨਾਲ ਮਿਲ ਕੇ ਆਪਣੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਦਿਓਰ ਨਾਲ ਨਾਜਾਇਜ਼ ਸਬੰਧ ਸਨ। ਇਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ। ਇਸ ਕਾਰਨ ਦੋਵਾਂ ਨੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚੀ। ਐਤਵਾਰ ਰਾਤ ਕਰੀਬ 1.30 ਵਜੇ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਟਾਰੀ ਦੇ ਡੀਐੱਸਪੀ ਗੁਰਿੰਦਰਪਾਲ ਸਿੰਘ ਨਾਗਰਾ ਅਤੇ ਥਾਣਾ ਲੋਪੋਕੇ ਦੇ ਇੰਚਾਰਜ ਯਾਦਵਿੰਦਰ ਸਿੰਘ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਵਿੰਦਰ ਸਿੰਘ (32) ਵਜੋਂ ਹੋਈ ਹੈ। ਉਸ ਦੇ ਜੀਜਾ ਨਿਰੰਜਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਵਿਆਹ ਕਰੀਬ 10 ਸਾਲ ਪਹਿਲਾਂ ਲਖਵਿੰਦਰ ਕੌਰ ਨਾਲ ਹੋਇਆ ਸੀ। ਸਵਿੰਦਰ ਸਿੰਘ ਮਿਸਤਰੀ ਦਾ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਪਤਾ ਲੱਗਾ ਸੀ ਕਿ ਉਸ ਦੀ ਪਤਨੀ ਅਤੇ ਉਸ ਦੇ ਛੋਟੇ ਭਰਾ ਜੰਗ ਸਿੰਘ ਦੇ ਨਾਜਾਇਜ਼ ਸਬੰਧ ਹਨ ਜਿਸ ਕਾਰਨ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ।
