Business Khas

ਨੇਪਾਲ ’ਚ ਵੱਡਾ ਹਵਾਈ ਹਾਦਸਾ,Yeti Airlines ਦਾ ਹਵਾਈ ਜਹਾਜ਼ ਹਾਦਸਾਗ੍ਰਸਤ, 5 ਭਾਰਤੀ ਵੀ ਸਨ ਸਵਾਰ

ਨੇਪਾਲ ’ਚ ਵੱਡਾ ਹਵਾਈ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਇਸ ਹਾਦਸੇ ’ਚ ਹੁਣ ਤੱਕ 45 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।

ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਪੋਖਰਾ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਕੁਝ ਦੂਰੀ ’ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਇਸ ਜਹਾਜ਼ ’ਚ ਚਾਲਕ ਦਲ ਦੇ 4 ਮੈਂਬਰਾਂ ਸਮੇਤ ਕੁੱਲ 68 ਯਾਤਰੀ ਸਵਾਰ ਸਨ।

ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਵਾਈ ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੂਵਨ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 10:30 ਵਜੇ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਉਡਾਣ ਭਰਨ ਤੋਂ 20 ਮਿੰਟ ਬਾਅਦ ਇਹ ਹਵਾਈ ਹਾਦਸਾ ਵਾਪਰਿਆ।

ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ ਹਾਦਸਾ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਜ਼ ’ਚ ਜਹਾਜ਼ ਅਸਮਾਨ ਤੋਂ ਹੇਠਾਂ ਵੱਲ ਆਉਂਦਾ ਦਿਖਾਈ ਦਿੰਦਾ ਹੈ ਅਤੇ ਕੁਝ ਪਲਾਂ ’ਚ ਧੂੰਏ ਦੇ ਗੁਬਾਰ ’ਚ ਬਦਲ ਜਾਂਦਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਯੇਤੀ ਏਅਰਲਾਈਨਜ਼ ਦਾ ਏਟੀਆਰ-72 ਯਾਤਰੀਆਂ ਨੂੰ ਢੋਣ ਵਾਲਾ ਹਵਾਈ ਜਹਾਜ਼ ਕਾਸਕੀ ਜ਼ਿਲ੍ਹੇ ਦੇ ਪੋਖਰਾ ਨੇੜੇ ਹਾਦਸਾਗ੍ਰਸਤ ਹੋ ਗਿਆ।

ਪ੍ਰਧਾਨ ਮੰਤਰੀ ਨੇ ਬੁਲਾਈ ਐਮਰਜੈਂਸੀ ਬੈਠਕ
ਪੋਖਰਾ ਹਵਾਈ ਅੱਡੇ ’ਤੇ ਯਾਤਰੀ ਹਵਾਈ ਦੁਰਘਟਨਾ ਤੋਂ ਬਾਅਦ ਨੇਪਾਲ ਸਰਕਾਰ ਨੇ ਕੈਬਨਿਟ ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਪੁਸ਼ਪਾ ਕਲ ਦਹਿਲ ਨੇ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ, ਉੱਧਰ ਫ਼ੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ।

ਹੁਣ ਤੱਕ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਹਵਾਈ ਜਹਾਜ਼ ’ਚ 10 ਵਿਦੇਸ਼ੀ ਨਾਗਰਿਕਾਂ ਤੋਂ ਇਲਾਵਾ 5 ਭਾਰਤੀ ਵੀ ਸਵਾਰ ਸਨ। 53 ਨੇਪਾਲੀ, 5 ਭਾਰਤੀ, 4 ਰੂਸੀ, 1 ਆਈਰਲੈਂਡ, 2 ਕੋਰੀਆ, 1 ਅਰਜਨਟੀਨਾ ਅਤੇ 1 ਫਰਾਂਸ ਦੇ ਯਾਤਰੀਆਂ ’ਚ 2 ਬੱਚੇ ਵੀ ਸ਼ਾਮਲ ਸਨ।