ਖੰਨਾ-ਨਵਾਂਸ਼ਹਿਰ ਮਾਰਗ ਉਪਰ ਪੁਲਿਸ ਦੀ ਗੱਡੀ ਵਿਚੋਂ ਛਾਲ ਮਾਰ ਕੇ ਦੋ ਚੋਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਚੋਰਾਂ ਨੇ ਕਰੀਬ 30 ਫੁੱਟ ਉੱਚੇ ਪੁਲ ਤੋਂ ਥੱਲੇ ਛਾਲ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਦੋਵੇਂ ਅਨਸਰ ਹੱਥਕੜੀ ਸਮੇਤ ਫ਼ਰਾਰ ਹੋ ਗਏ। ਪੁਲਿਸ ਨੇ ਪਿੱਛਾ ਕਰਕੇ ਇਨ੍ਹਾਂ ਨੂੰ ਮੁੜ ਕਾਬੂ ਕਰ ਲਿਆ। ਮੌਕੇ ‘ਤੇ ਮੌਜੂਦ ਲੋਕ ਚੋਰਾਂ ਦਾ ਕਾਰਨਾਮਾ ਦੇਖ ਕੇ ਹੈਰਾਨ ਰਹਿ ਗਏ। ਉਥੇ ਹੀ ਦੂਜੇ ਪਾਸੇ ਸੱਟਾਂ ਜ਼ਿਆਦਾ ਲੱਗਣ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਦਿੱਤਾ।
ਖੰਨਾ ਦੇ ਸਮਰਾਲਾ ਰੋਡ ਪੁਲ ਥੱਲੇ ਸਬਜ਼ੀ ਮੰਡੀ ਲੱਗੀ ਹੋਈ ਸੀ ਤੇ ਲੋਕਾਂ ਦੀ ਕਾਫੀ ਭੀੜ ਸੀ। ਇਸ ਦੌਰਾਨ ਪੁਲ ਦੇ ਉਪਰੋਂ ਦੋ ਵਿਅਕਤੀਆਂ ਨੇ ਥੱਲੇ ਛਾਲ ਮਾਰੀ ਤਾਂ ਉਥੇ ਮੌਜੂਦ ਲੋਕ ਦੇਖ ਕੇ ਹੈਰਾਨ ਰਹਿ ਗਏ। ਇੰਨੇ ਵਿੱਚ ਹੀ ਇਹ ਵਿਅਕਤੀ ਆਲੇ-ਦੁਆਲੇ ਨੂੰ ਭੱਜ ਨਿਕਲੇ। ਥੋੜ੍ਹੀ ਦੇਰ ਬਾਅਦ ਹੀ ਜਦੋਂ ਪੁਲਿਸ ਦੀਆਂ ਗੱਡੀਆਂ ਨੇ ਘੇਰਾ ਪਾ ਲਿਆ ਤੇ ਪੁਲਿਸ ਵੀ ਪਿੱਛੇ ਭੱਜੀ ਤਾਂ ਲੋਕਾਂ ਦੇ ਸਮਝ ਵਿੱਚ ਗੱਲ ਆਈ ਕਿ ਇਹ ਕੋਈ ਅਪਰਾਧੀ ਹਨ ਜੋ ਪੁਲਿਸ ਦੇ ਹਿਰਾਸਤ ਵਿਚੋਂ ਭੱਜ ਨਿਕਲੇ। ਪੁਲਿਸ ਨੇ ਆਲੇ-ਦੁਆਲੇ ਇਨ੍ਹਾਂ ਦਾ ਪਿੱਛਾ ਕਰਕੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਕਾਬੂ ਕਰ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਉਹ ਤਾਂ ਸਬਜ਼ੀ ਮੰਡੀ ‘ਚ ਬੈਠੇ ਸਨ ਤਾਂ ਇਸੇ ਦੌਰਾਨ ਪੁਲ ਤੋਂ ਫਿਲਮੀ ਸਟਾਇਲ ਵਿੱਚ ਦੋ ਵਿਅਕਤੀਆਂ ਨੇ ਥੱਲੇ ਛਾਲ ਮਾਰੀ ਅਤੇ ਭੱਜ ਗਏ। ਉਨ੍ਹਾਂ ਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ ਹੈ ਕੀ ਨਹੀਂ।
ਉਥੇ ਹੀ ਦੂਜੇ ਪਾਸੇ ਇਹ ਗੱਲ ਸਾਹਮਣੇ ਆਈ ਕਿ ਮਲੌਦ ਥਾਣਾ ਅਧੀਨ ਆਉਂਦੀ ਸਿਆੜ ਚੌਂਕੀ ਦੀ ਪੁਲਿਸ ਨੇ 29 ਮਈ ਨੂੰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸਾਗਰ ਵਾਸੀ ਫਗਵਾੜਾ, ਵਿਜੈ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਰਾਹੁਲ ਵਾਸੀ ਮੁਕੇਰੀਆਂ ਨੂੰ ਕਾਬੂ ਕੀਤਾ ਸੀ। ਇਹ ਤਿੰਨੋਂ ਪੁਲਿਸ ਰਿਮਾਂਡ ਉਪਰ ਚੱਲ ਰਹੇ ਸੀ।ਜਦੋਂ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ਮਗਰੋਂ ਪੁੱਛਗਿੱਛ ਲਈ ਸੀਆਈਏ ਸਟਾਫ ਲਿਆਂਦਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਖੰਨਾ ਨਵਾਂਸ਼ਹਿਰ ਮਾਰਗ ਦੇ ਸਮਰਾਲਾ ਰੋਡ ਪੁਲ ਉਪਰ ਦੋ ਚੋਰਾਂ ਨੇ ਪੁਲਿਸ ਦੀ ਗੱਡੀ ਵਿਚੋਂ ਛਾਲ ਮਾਰ ਦਿੱਤੀ। ਚੌਂਕੀ ਇੰਚਾਰਜ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਇਹ ਵਿਅਕਤੀ ਨਸ਼ਾ ਕਰਨ ਦੇ ਵੀ ਆਦੀ ਹਨ।
ਇਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸੀਆਈਏ ਸਟਾਫ਼ ਵਿਖੇ ਇਨ੍ਹਾਂ ਕੋਲੋਂ ਪੁੱਛਗਿੱਛ ਹੋਵੇਗੀ ਜਿਸ ਕਾਰਨ ਇਹ ਛਾਲ ਮਾਰ ਗਏ। ਉਨ੍ਹਾਂ ਨੇ ਰਾਹਗੀਰਾਂ ਦੇ ਮੋਟਰਸਾਈਕਲ ਫੜਕੇ ਪਿੱਛਾ ਕੀਤਾ ਤੇ ਇਨ੍ਹਾ ਨੂੰ ਕਾਬੂ ਕਰ ਲਿਆ।
