ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਐਲਾਨ ਕੀਤਾ ਕਿ ਮਾਨਸੂਨ ਭਾਰਤ ਪੁੱਜ ਗਿਆ ਹੈ ਤੇ ਇਸ ਨੇ ਕੇਰਲ ’ਚ ਦਸਤਕ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਸਾਲ ਮਾਨਸੂਨ ਕਈ ਦਿਨ ਪਛੜ ਕੇ ਕੇਰਲ ਪੁੱਜੀ ਹੈ। ਇਹ ਆਮ ਤੌਰ ਉਤੇ ਪਹਿਲੀ ਜੂਨ ਨੂੰ ਜਾਂ ਇਸ ਤੋਂ ਇਕ ਦੋ ਦਿਨ ਪਹਿਲਾਂ ਪੁੱਜ ਜਾਂਦੀ ਹੈ।ਦੱਸ ਦਈਏ ਕਿ ਆਈਐਮਡੀ ਨੇ ਕੱਲ੍ਹ ਆਖਿਆ ਸੀ ਕਿ ਅਗਲੇ 48 ਘੰਟਿਆਂ ਵਿੱਚ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਬਣ ਰਹੇ ਹਨ। ਹੁਣ ਵਿਭਾਗ ਨੇ ਐਲਾਨ ਕਰ ਦਿੱਤੀ ਹੈ ਕਿ ਭਵਿੱਖਬਾਣੀ ਸੱਚ ਸਾਬਤ ਹੋਈ ਹੈ ਤੇ ਮੌਨਸੂਨ ਭਾਰਤ ਪੁੱਜ ਗਿਆ ਹੈ।
ਪਹਿਲਾਂ ਮੌਨਸੂਨ 1 ਜੂਨ ਨੂੰ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਇਸ ਵਾਰ ਸੱਤ ਦਿਨਾਂ ਦੀ ਦੇਰੀ ਤੋਂ ਬਾਅਦ ਸੂਬੇ ਵਿੱਚ ਬਰਸਾਤ ਸ਼ੁਰੂ ਹੋ ਗਈ ਹੈ। ਆਈਐਮਡੀ ਨੇ ਕਿਹਾ ਹੈ ਕਿ ਚੱਕਰਵਾਤੀ ਤੂਫ਼ਾਨ ਬਿਪਰਜੋਏ ਕਾਰਨ ਅਗਲੇ 48 ਘੰਟਿਆਂ ਦੌਰਾਨ ਮੱਧ ਅਰਬ ਸਾਗਰ, ਤਾਮਿਲਨਾਡੂ, ਕਰਨਾਟਕ, ਦੱਖਣ-ਪੱਛਮੀ ਉੱਤਰ-ਪੂਰਬੀ ਬੰਗਾਲ ਦੀ ਖਾੜੀ, ਉੱਤਰ-ਪੂਰਬੀ ਰਾਜਾਂ ਅਤੇ ਕੇਰਲ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।ਮਾਨਸੂਨ ਦੀ ਸਥਿਤੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਪਹਿਲਾਂ ਹੀ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਲਈ ਅਲਰਟ ਜਾਰੀ ਕਰ ਦਿੱਤਾ ਸੀ। ਆਈਐਮਡੀ ਦੇ ਅਨੁਸਾਰ, ਦੱਖਣ-ਪੂਰਬੀ ਅਰਬ ਸਾਗਰ ਵਿੱਚ ਇੱਕ ਘੱਟ ਦਬਾਅ ਵਾਲੇ ਖੇਤਰ ਬਣਨ ਅਤੇ ਤੀਬਰਤਾ ਦੇ ਕਾਰਨ, ਚੱਕਰਵਾਤੀ ਸਰਕੂਲੇਸ਼ਨ ਕੇਰਲ ਤੱਟ ਵੱਲ ਮਾਨਸੂਨ ਦੇ ਆਉਣ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਸਕਦਾ ਹੈ।
