Business Khas

Latest news

ਧੋਖਾਧੜੀ ਨਾਲ ਟਰੱਸਟ ਦਾ ਪਲਾਟ ਪਤਨੀ ਦੇ ਨਾਮ ਹੇਠ ਖਰੀਦਿਆ

ਚੰਡੀਗੜ੍ਹ, ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸੰਜੀਵ ਕਾਲੀਆ, ਸੀਨੀਅਰ ਸਹਾਇਕ, ਨਗਰ ਸੁਧਾਰ ਟਰੱਸਟ, ਜਲੰਧਰ, (ਹੁਣ ਹੁਸਿ਼ਆਰਪੁਰ ਵਿਖੇ ਤਾਇਨਾਤ) ਵੱਲੋਂ ਨਗਰ ਸੁਧਾਰ ਟਰੱਸਟ, ਜਲੰਧਰ ਵਿੱਚ ਅਹੁਦੇ ਦੀ ਦੁਰਵਰਤੋਂ ਰਾਹੀਂ ਬੇਨਿਯਮੀਆਂ ਕਰਨ ਤੇ ਪਤਨੀ ਦੇ ਨਾਮ ਹੇਠ ਪਲਾਟ ਦੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤ ਨੰਬਰ 75/2022 ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ ਸੰਜੀਵ ਕਾਲੀਆ ਦੇ ਖਿਲਾਫ ਦਵਿੰਦਰਪਾਲ ਕੌਰ ਪਾਸੋਂ ਪਲਾਟ ਨੰਬਰ 828 ਦੀ ਨਾ-ਉਸਾਰੀ ਫੀਸ 14,35,350 ਰੁਪਏ ਹਾਸਲ ਕੀਤੇ ਬਿਨਾਂ ਹੀ ਅਤੇ ਡੀਲਿੰਗ ਹੈਂਡ ਨਾ ਹੁੰਦੇ ਹੋਏ ਵੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਮੰਦਭਾਵਨਾ ਨਾਲ ਮਿਤੀ 21.04.2010 ਨੂੰ ਇੱਕ ਪੱਤਰ ਉਕਤ ਪਲਾਟ ਦੇ ਖਸਰਾ ਨੰਬਰ ਦੀ ਰਿਪੋਰਟ ਦੇਣ ਲਈ ਪਟਵਾਰੀ ਨੂੰ ਲਿਖਿਆ ਸੀ।

ਉਪਰੰਤ ਪਟਵਾਰੀ ਨੇ ਖਸਰਾ ਨੰਬਰਾਂ ਸਬੰਧੀ ਰਿਪੋਰਟ ਸੁਪਰਡੈਂਟ ਵਿੱਕਰੀ ਕੋਲ ਰਿਪੋਰਟ ਭੇਜ ਦਿੱਤੀ ਪਰੰਤੂ ਸੰਜੀਵ ਕਾਲੀਆ ਨੇ ਸੁਪਰਡੈਂਟ ਨੂੰ ਬਾਈਪਾਸ ਕਰਦੇ ਹੋਏ ਬੈਨਾਮਾ ਨਾ-ਉਸਾਰੀ ਫੀਸ 14,35,350 ਰੁਪਏ ਹਾਸਲ ਕੀਤੇ ਬਿਨਾਂ ਹੀ ਸਿੱਧੇ ਤੌਰ ਉੱਤੇ ਤਤਕਾਲੀ ਚੇਅਰਮੈਨ ਪਾਸੋਂ ਉਕਤ ਪਲਾਟ ਦਵਿੰਦਰਪਾਲ ਕੌਰ ਦੇ ਨਾਮ ਉਪਰ ਅਲਾਟ ਕਰਵਾ ਦਿੱਤਾ। ਇਸ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਵੱਲੋਂ ਮਿਤੀ 13/10/2016 ਨੂੰ ਇੱਕ ਪੱਤਰ ਜਾਰੀ ਕਰਕੇ ਦਵਿੰਦਰਪਾਲ ਕੌਰ ਦੇ ਨਾਮ ਉਪਰ ਕੋਈ ਇਤਰਾਜ਼ ਨਹੀਂ (ਐਨ.ਡੀ.ਸੀ.) ਜਾਰੀ ਕਰ ਦਿੱਤਾ ਜਦ ਕਿ ਦਵਿੰਦਰਪਾਲ ਕੌਰ ਦੀ ਮੌਤ ਮਿਤੀ 12/01/2015 ਨੂੰ ਹੋ ਚੁੱਕੀ ਸੀ, ਜਿਸ ਕਰਕੇ ਇਹ ਐਨ.ਡੀ.ਸੀ. ਜਾਰੀ ਨਹੀਂ ਕੀਤਾ ਜਾ ਸਕਦਾ ਸੀ। ਇਸ ਮੰਤਵ ਲਈ ਸੰਜੀਵ ਕਾਲੀਆ ਨੇ ਮੁਖਤਾਰੇਆਮ ਉਕਤ ਦੀਪਕ ਨੂੰ 7,00,000 ਰੁਪਏ ਨਕਦ ਅਦਾ ਕੀਤੇ ਦਿਖਾ ਕੇ ਉਕਤ ਪਲਾਟ ਦਾ ਵਸੀਕਾ ਤਿਆਰ ਕਰਵਾ ਕੇ ਮਿਤੀ 03.02.2012 ਨੂੰ ਖੁਦ ਪੇਸ਼ ਹੋ ਕੇ ਆਪਣੀ ਪਤਨੀ ਉਪਮਾ ਕਾਲੀਆ ਦੇ ਨਾਮ ਕੁਲੈਕਟਰ ਰੇਟ ਮੁਤਾਬਿਕ 21,74,000 ਰੁਪਏ ਨਾਲ ਰਜਿਸਟਰਡ ਕਰਵਾ ਲਿਆ।

ਬੁਲਾਰੇ ਨੇ ਦੱਸਿਆ ਕੇ ਸੰਜੀਵ ਕਾਲੀਆ ਨੇ ਉਕਤ ਪਲਾਟ ਨੂੰ ਖਰੀਦਣ ਸਬੰਧੀ ਆਪਣੇ ਵਿਭਾਗ ਪਾਸੋਂ ਮੰਨਜੂਰੀ ਨਹੀਂ ਲਈ ਅਤੇ ਨਾਂ ਹੀ ਬਾਅਦ ਵਿੱਚ ਵਿਭਾਗ ਨੂੰ ਸੂਚਿਤ ਕੀਤਾ। ਇਕ ਜਨਸੇਵਕ ਹੁੰਦਿਆਂ ਅਜਿਹਾ ਕਰਕੇ ਸੰਜੀਵ ਕਾਲੀਆ ਵੱਲੋਂ ਜੁਰਮ ਕੀਤਾ ਗਿਆ ਜਿਸ ਕਰਕੇ ਉਸ ਖਿਲਾਫ ਆਈ.ਪੀ.ਸੀ. ਦੀ ਧਾਰਾ 420, 409 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ ਸਮੇਤ 13(2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਸੰਜੀਵ ਕਾਲੀਆ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਕੇਸ ਦੀ ਅਗਲੇਰੀ ਤਫਤੀਸ਼ ਜਾਰੀ ਹੈ।