Business Khas

You are currently viewing AC ਨੂੰ ਲੈ ਕੇ ਚੰਡੀਗੜ੍ਹ ‘ਚ ਐਡਵਾਈਜਰੀ ਜਾਰੀ, 24 ਡਿਗਰੀ ਤੋਂ ਘੱਟ ਤਾਪਮਾਨ ਨਾ ਰੱਖਣ ਦੀ ਹਿਦਾਇਤ

AC ਨੂੰ ਲੈ ਕੇ ਚੰਡੀਗੜ੍ਹ ‘ਚ ਐਡਵਾਈਜਰੀ ਜਾਰੀ, 24 ਡਿਗਰੀ ਤੋਂ ਘੱਟ ਤਾਪਮਾਨ ਨਾ ਰੱਖਣ ਦੀ ਹਿਦਾਇਤ

ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਖਪਤ ਤੇ ਊਰਜਾ ਸੰਭਾਲ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦੇ ਹੋਏ ਇੱਕ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਇੱਕ ਐਡਵਾਈਜਰੀ ਜਾਰੀ ਕੀਤੀ ਹੈ, ਜਿਸ ‘ਚ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ, ਵਪਾਰਕ ਇਮਾਰਤਾਂ ਤੇ ਵੱਡੇ ਅਦਾਰਿਆਂ ‘ਚ ਏਅਰ ਕੰਡੀਸ਼ਨਰ (ਏਸੀ) ਦਾ ਤਾਪਮਾਨ 24 ਡਿਗਰੀ ਸੈਲਸੀਅਸ ਘੱਟ ਨਾ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ, ਯਾਨੀ ਕਿ ਐਡਵਾਈਜਰੀ ਏਸੀ ਦਾ ਤਾਪਮਾਨ 24 ਡਿਗਰੀ ਜਾਂ ਉਸ ਤੋਂ ਵੱਧ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਪ੍ਰਸ਼ਾਸਨ ਮੁਤਾਬਕ, ਇਸ ਕਦਮ ਦਾ ਮੁੱਖ ਉਦੇਸ਼ ਬਿਜਲੀ ਦੀ ਮੰਗ ਨੂੰ ਘਟਾਉਣਾ, ਕਾਰਬਨ ਨਿਕਾਸ ਨੂੰ ਘਟਾਉਣਾ ਤੇ ਸ਼ਹਿਰ ਨੂੰ ਵਧੇਰੇ ਵਾਤਾਵਰਣ ਅਨੁਕੂਲ ਬਣਾਉਣਾ ਹੈ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਊਰਜਾ ਸੰਭਾਲ ਦੇ ਯਤਨਾਂ ‘ਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਪਹਿਲ ਇੰਜੀਨੀਅਰਿੰਗ ਵਿਭਾਗ ਦੇ ਅਧੀਨ ਐਨਰਜੀ ਮਨੇਜਮੈਂਟ ਸੈੱਲ ਤੇ ਸਟੇਟ ਡੈਜਿਗਨੇਟਡ ਏਜੰਸੀ ਦੁਆਰਾ ਸ਼ੁਰੂ ਕੀਤੀ ਗਈ ਹੈ।

ਪ੍ਰਸ਼ਾਸਨ ਨੇ ਇਹ ਦਿਸ਼ਾ-ਨਿਰਦੇਸ਼ ਊਰਜਾ ਸੰਭਾਲ ਐਕਟ, 2001, ਤੇ ਭਾਰਤ ਸਰਕਾਰ ਦੇ ਅਧੀਨ ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਜਾਰੀ ਕੀਤੇ ਹਨ। ਇਹ ਐਡਵਾਈਜਰੀ ਸਰਕਾਰੀ ਦਫ਼ਤਰਾਂ, ਵਿਦਿਅਕ ਸੰਸਥਾਵਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਨਾਲ-ਨਾਲ ਹਵਾਈ ਅੱਡਿਆਂ, ਹੋਟਲਾਂ, ਸ਼ਾਪਿੰਗ ਮਾਲਾਂ, ਵੱਡੇ ਕਾਰਪੋਰੇਟ ਦਫ਼ਤਰਾਂ ਤੇ ਹੋਰ ਵਪਾਰਕ ਇਮਾਰਤਾਂ ‘ਤੇ ਲਾਗੂ ਹੋਵੇਗੀ। ਪ੍ਰਸ਼ਾਸਨ ਨੇ ਇਨ੍ਹਾਂ ਸੰਸਥਾਵਾਂ ਵਿੱਚ ਏਸੀ ਦੇ ਸੰਚਾਲਨ ਤੇ ਰੱਖ-ਰਖਾਅ ਲਈ ਜ਼ਿੰਮੇਵਾਰ ਸਟਾਫ਼ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਸਮੇਂ-ਸਮੇਂ ‘ਤੇ ਨਿਰੀਖਣ ਕਰਨ ਲਈ ਪ੍ਰਸ਼ਾਸਕੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।ਪ੍ਰਸ਼ਾਸਨ ਨੇ ਇਸ ਨਿਯਮ ਤੋਂ ਸਿਹਤ ਸੰਭਾਲ ਸੇਵਾਵਾਂ ਨਾਲ ਜੁੜੀਆਂ ਸੰਸਥਾਵਾਂ, ਜਿਨ੍ਹਾਂ ‘ਚ ਆਪ੍ਰੇਸ਼ਨ ਥੀਏਟਰ ਦੇ ਨਾਲ-ਨਾਲ ਫੂਡ ਪ੍ਰੋਸੈਸਿੰਗ ਯੂਨਿਟਾਂ ਤੇ ਡੇਟਾ ਸੈਂਟਾਂ ਨੂੰ ਛੋਟ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਖੇਤਰਾਂ ‘ਚ ਖਾਸ ਤਾਪਮਾਨ ਦੇ ਪੱਧਰ ਨੂੰ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਲਈ, ਇਨ੍ਹਾਂ ਨੂੰ ਵੱਖਰਾ ਰੱਖਿਆ ਗਿਆ ਹੈ।