ਅਮਰੀਕਾ ਦੇ ਯੂਟਾਹ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਭਾਰਤੀ ਮੁਸਲਿਮ ਵਿਅਕਤੀ ‘ਤੇ ਹਮਲੇ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਹਮਲਾਵਰ ਨੇ ਉਸ ‘ਤੇ 15 ਵਾਰ ਚਾਕੂ ਨਾਲ ਵਾਰ ਕੀਤੇ। ਹਮਲਾਵਰ ਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਨੇ ਪੀੜਤ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਮਾਨ ਸੀ ਅਤੇ ਉਸਨੂੰ ਮਾਰਨਾ ਚਾਹੁੰਦਾ ਸੀ। ਪੁਲਿਸ ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਇਹ ਗੱਲ ਦੱਸੀ। 48 ਸਾਲਾ ਸ਼ੱਕੀ, ਜਿਸਦੀ ਪਛਾਣ ਪੀਟਰ ਮਾਈਕਲ ਲਾਰਸਨ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਹਲਫ਼ਨਾਮੇ ਅਨੁਸਾਰ, ਲਾਰਸਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਪੀੜਤ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਮਾਨ ਸੀ। ਉਸਨੇ ਕਿਹਾ ਕਿ ਉਸਦਾ ਇਰਾਦਾ ਮੁਸਲਮਾਨਾਂ ਨੂੰ ਮਾਰਨਾ ਸੀ। ਹਮਲਾ ਸੋਮਵਾਰ ਨੂੰ ਵੈਸਟ ਵੈਲੀ ਸਿਟੀ ਦੇ ਵੈਲੀ ਫੇਅਰ ਮਾਲ ਵਿੱਚ ਹੋਇਆ, ਜਿੱਥੇ ਪੀੜਤ ਇੱਕ ਕਿਓਸਕ ‘ਤੇ ਕੰਮ ਕਰ ਰਿਹਾ ਸੀ। ਪੀੜਤ ਦੀ ਪਛਾਣ ਸੋਹੇਲ ਵਜੋਂ ਹੋਈ ਹੈ। ਪੁਲਿਸ ਨੇ ਇਸਨੂੰ ਟਾਰਗੇਟ ਹਮਲੇ ਦਾ ਖਦਸ਼ਾ ਜਤਾਇਆ ਹੈ।
ਨਾਲ ਹੀ ਕਿਹਾ ਕਿ ਸ਼ੱਕੀ ਵਿਅਕਤੀ ਨੇ ਆਪਣੇ ਕੱਟੜਪੰਥੀ ਵਿਚਾਰਾਂ ਅਤੇ ਸਮੂਹਿਕ ਨੁਕਸਾਨ ਦੀ ਸਾਜ਼ਿਸ਼ ਰਚਣ ਦੇ ਦਾਅਵਿਆਂ ਕਾਰਨ ਜਨਤਾ ਲਈ ਇੱਕ ਗੰਭੀਰ ਖ਼ਤਰਾ ਪੈਦਾ ਕੀਤਾ ਹੈ। ਲਾਰਸਨ ਨੂੰ ਕਤਲ ਦੀ ਕੋਸ਼ਿਸ਼ ਅਤੇ ਇੱਕ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਇਲਜ਼ਾਮਾਂ ਹੇਠ ਵਿੱਚ ਜੇਲ੍ਹ ਭੇਜਿਆ ਗਿਆ ਹੈ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਨੇ ਸੋਹੇਲ ਤੋਂ ਉਸਦਾ ਧਰਮ ਅਤੇ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਪੁੱਛਿਆ। ਨੇੜਲੇ ਗਹਿਣਿਆਂ ਦੀ ਦੁਕਾਨ ‘ਤੇ ਕੰਮ ਕਰਨ ਵਾਲੀ ਲੂਨਾ ਨੇ ਸਥਾਨਕ ਮੀਡੀਆ ਨੂੰ ਘਟਨਾ ਬਾਰੇ ਦੱਸਦੇ ਹੋਏ ਕਿਹਾ ਹਮਲਾਵਰ ਨੇ ਉਸ ਨੂੰ ਪੁੱਛਿਆ ਕਿ, “ਤੁਸੀਂ ਕਿੱਥੋਂ ਦੇ ਹੋ?” ਉਸਨੇ ਜਵਾਬ ਦਿੱਤਾ, “ਮੈਂ ਭਾਰਤ ਤੋਂ ਹਾਂ।” ਲਾਰਸਨ ਨੇ ਫਿਰ ਪੁੱਛਿਆ, “ਕੀ ਤੁਸੀਂ ਮੁਸਲਮਾਨ ਹੋ?” ਸੋਹੇਲ ਨੇ ਜਵਾਬ ਦਿੱਤਾ, “ਹਾਂ,” ਅਤੇ ਉਸਨੇ ਤੁਰੰਤ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
