ਜਲੰਧਰ ਦੇ ਉਦੈ ਨਗਰ ਇਲਾਕੇ ਵਿੱਚ ਬੇਖ਼ੌਫ਼ ਚੋਰਾਂ ਵੱਲੋਂ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲੈਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਸਿਰਫ਼ ਇੱਕ ਦਿਨ ਲਈ ਵਰਿੰਦਾਵਨ ਵਿਖੇ ਦਰਸ਼ਨ ਕਰਨ ਗਿਆ ਹੋਇਆ ਸੀ। ਜਦੋਂ ਪਰਿਵਾਰ ਵਾਪਸ ਘਰ ਪਰਤਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਦੈ ਨਗਰ ਦੀ ਰਹਿਣ ਵਾਲੀ ਪੀੜਤਾ ਸੰਧਿਆ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਿਰਫ਼ ਇੱਕ ਦਿਨ ਵਾਸਤੇ ਵਰਿੰਦਾਵਨ ਦਰਸ਼ਨਾਂ ਲਈ ਗਏ ਸਨ। ਸ਼ੁੱਕਰਵਾਰ ਬਾਅਦ ਦੁਪਹਿਰ ਜਦੋਂ ਉਹ ਵਾਪਸ ਆਪਣੇ ਘਰ ਪਹੁੰਚੇ ਤਾਂ ਬਾਹਰਲਾ ਮੁੱਖ ਗੇਟ ਬੰਦ ਸੀ, ਪਰ ਜਿਵੇਂ ਹੀ ਉਹ ਅੰਦਰ ਦਾਖ਼ਲ ਹੋਏ ਤਾਂ ਹੈਰਾਨ ਰਹਿ ਗਏ।
ਘਰ ਦੇ ਅੰਦਰਲੇ ਸਾਰੇ ਕਮਰਿਆਂ ਅਤੇ ਅਲਮਾਰੀਆਂ ਦੇ ਤਾਲੇ ਭੰਨੇ ਹੋਏ ਸਨ। ਚੋਰਾਂ ਨੇ ਪੂਰੇ ਘਰ ਦਾ ਸਾਮਾਨ ਉਥਲ-ਪੁਥਲ ਕਰ ਦਿੱਤਾ ਸੀ। ਅਲਮਾਰੀਆਂ ਵਿੱਚੋਂ ਕੱਪੜੇ ਕੱਢ ਕੇ ਬਾਹਰ ਖਿਲਾਰ ਦਿੱਤੇ ਗਏ ਸਨ। ਇੱਥੋਂ ਤੱਕ ਕਿ ਚੋਰਾਂ ਨੇ ਗੱਦਿਆਂ ਨੂੰ ਵੀ ਚੁੱਕ ਕੇ ਬਾਰੀਕੀ ਨਾਲ ਤਲਾਸ਼ੀ ਲਈ ਸੀ। ਇਸ ਤੋਂ ਇਲਾਵਾ ਡਰੈਸਿੰਗ ਟੇਬਲ ਦੇ ਦਰਾਜ਼ਾਂ ਨੂੰ ਤੋੜ ਕੇ ਸਾਰਾ ਕੀਮਤੀ ਸਾਮਾਨ ਖੰਗਾਲਿਆ ਗਿਆ ਸੀ।ਪੀੜਤਾ ਸੰਧਿਆ ਦੇ ਮੁਤਾਬਕ, ਅਲਮਾਰੀ ਦੇ ਖ਼ਾਨਿਆਂ ਵਿੱਚ ਰੱਖੀ ਕਰੀਬ 1.5 ਲੱਖ ਰੁਪਏ ਦੀ ਨਕਦੀ ਗ਼ਾਇਬ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ 2-3 ਸੋਨੇ ਦੇ ਸੈੱਟ, ਧੀਆਂ ਦੀਆਂ ਵਾਲੀਆਂ, ਮੁੰਦਰੀਆਂ, ਸੋਨੇ ਦੀ ਚੇਨ, ਕੜੇ ਅਤੇ ਚੂੜੀਆਂ ਸਮੇਤ ਲਗਭਗ 5 ਤੋਂ 6 ਤੋਲੇ ਸੋਨਾ ਚੋਰ ਉਡਾ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ।
