ਜਲੰਧਰ, 12 ਅਕਤੂਬਰ : ਵਿਧਾਨਸਭਾ ਹਲਕਾ ਜਲੰਧਰ ਪੱਛਮੀ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਲਗਾਤਾਰ ਕੀਤੇ ਜਾ ਰਹੇ ਸੰਜੀਦਾ ਉਪਰਾਲਿਆਂ ਦੀ ਲੜੀ ਵਜੋਂ ਅੱਜ ਪੰਜਾਬ ਦੇ ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ 93 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਨਵੀਂ ਪਹਿਲਕਦਮੀਆਂ ਦਾ ਮੁੱਖ ਉਦੇਸ਼ ਤਿੰਨ ਕਲੋਨੀਆਂ ਵਿੱਚ ਡਰੇਨਜ਼ ਵਿਵਸਥਾ ਨੂੰ ਅਤਿ ਆਧੁਨਿਕ ਬਣਾਉਣਾ ਹੈ। ਇਸ ਪ੍ਰੋਜੈਕਟ ਤਹਿਤ ਥਿੰਦ ਇੰਕਲੇਵ ਵਿਖੇ 44.23 ਲੱਖ ਰੁਪਏ ਦੇ ਸੀਵਰੇਜ ਦੇ ਕੰਮ ਕੀਤੇ ਜਾਣਗੇ ਜਦਕਿ ਕਰਨ ਇੰਨਕਲੇਵ ਅਤੇ ਗਰੀਨ ਵੈਲੀ ਵਿਖੇ ਸੀਵਰੇਜ ਵਿਵਸਥਾ ਨੂੰ ਅਪਗ੍ਰੇਡ ਕਰਨ ਲਈ ਕ੍ਰਮਵਾਰ 38.39 ਲੱਖ ਤੇ 10.39 ਲੱਖ ਰੁਪਏ ਖ਼ਰਚੇ ਜਾਣਗੇ।
ਨੀਂਹ ਪੱਥਰ ਰੱਖਣ ਦੌਰਾਨ ਲੋਕਾਂ ਨਾਲ ਰੂਬਰੂ ਹੁੰਦਿਆਂ ਕੈਬਨਿਟ ਮੰਤਰੀ ਵਲੋਂ ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਮਜਬੂਤ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਦੇ ਵਿਧਾਨਸਭਾ ਹਲਕਿਆਂ ਦੇ ਸਰਵਪੱਖੀ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਸੰਕਲਪ ਹੈ।
