ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਮਲੋਟ ਦੀ ਦਾਣਾ ਮੰਡੀ ਵਿਖੇ ਵਿਸ਼ਾਲ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕੀਤਾ। ਮਹਾਰਾਸ਼ਟਰ ਦੇ ਨਾਂਦੇੜ ਵਿਖੇ ਬੀਤੇ ਦਿਨੀਂ ਵਾਪਰੀ ਹਿੰਸਕ ਘਟਨਾ ਤੋਂ ਤੁਰੰਤ ਬਾਅਦ ਆਯੋਜਿਤ ਇਸ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਤੇ ਰੱਜ ਕੇ ਵਰ੍ਹੇ। ਰੈਲੀ ਵਿੱਚ ਅਕਾਲੀ ਵਰਕਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਕਾਡਰ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।
ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸਾਲ 2022 ਵਿੱਚ ਦੁਬਈ ਤੋਂ ਵਾਪਸ ਆ ਕੇ ਅੰਮ੍ਰਿਤਪਾਲ ਨੇ ਖ਼ੁਦ ਨੂੰ ਪੰਜਾਬ ਦਾ ਅਸਲ ਵਾਰਿਸ ਦੱਸਣਾ ਸ਼ੁਰੂ ਕੀਤਾ। ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੁਝ ਤੱਤ ਗੁਰਦੁਆਰਾ ਸਾਹਿਬਾਨ ਦੀ ਆੜ ਲੈ ਕੇ ਆਪਣੀ ਸੌੜੀ ਰਾਜਨੀਤੀ ਚਮਕਾ ਰਹੇ ਹਨ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਇਹ ਲੋਕ ਪੰਜਾਬ ਦੇ ਵਾਰਿਸ ਨਹੀਂ, ਸਗੋਂ ‘ਵਾਇਰਸ’ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਦਾ ਅਸਲ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਾ ਨਹੀਂ, ਸਗੋਂ ਸਿਰਫ਼ ਅੰਮ੍ਰਿਤਪਾਲ ਦੀ ਰਿਹਾਈ ਕਰਵਾਉਣਾ ਅਤੇ ਪੰਜਾਬ ਦੇ ਗੁਰੂ-ਘਰਾਂ ਤੇ ਗੋਲਕਾਂ ‘ਤੇ ਕਬਜ਼ੇ ਕਰਨਾ ਹੈ।
