ਮਸ਼ਹੂਰ ਗਾਇਕ ਮੀਕਾ ਸਿੰਘ ਨੇ ਇੱਕ ਹਾਲੀਆ ਪੋਡਕਾਸਟ ਦੌਰਾਨ ਪਾਕਿਸਤਾਨ, ਉੱਥੋਂ ਦੇ ਲੋਕਾਂ ਅਤੇ ਭਾਰਤ-ਪਾਕਿਸਤਾਨ ਦੇ ਸੱਭਿਆਚਾਰਕ ਰਿਸ਼ਤਿਆਂ ਨੂੰ ਲੈ ਕੇ ਆਪਣੀ ਰਾਏ ਸਾਂਝੀ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨਾਲ ਆਪਣੇ ਲਗਾਵ ਅਤੇ ਉੱਥੇ ਗੁਰਦੁਆਰਿਆਂ ਵਿੱਚ ਸਥਾਨਕ ਮੁਸਲਿਮ ਭਾਈਚਾਰੇ ਵੱਲੋਂ ਕੀਤੀ ਜਾਂਦੀ ਸੇਵਾ ਦਾ ਵੀ ਜ਼ਿਕਰ ਕੀਤਾ। ਮੀਕਾ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਸਿਰਫ਼ ਉਨ੍ਹਾਂ ਦੇ ਦੇਸ਼ ਜਾਂ ਧਰਮ ਦੇ ਆਧਾਰ ‘ਤੇ ਮਾੜਾ ਸਮਝਣਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੌਰੇ ਦੌਰਾਨ ਉਨ੍ਹਾਂ ਨੇ ਕਈ ਅਜਿਹੇ ਲੋਕ ਵੇਖੇ ਜੋ ਗੁਰਦੁਆਰਿਆਂ ਵਿੱਚ ਸੇਵਾ ਅਤੇ ਸਫਾਈ ਦਾ ਕੰਮ ਪੂਰੀ ਸ਼ਰਧਾ ਨਾਲ ਕਰਦੇ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਲੰਗਰ ਪਰੰਪਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਿੱਖ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਪਰੰਪਰਾ ਹੈ, ਜਿਸ ਦਾ ਪ੍ਰਭਾਵ ਅੱਜ ਦੁਨੀਆ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲਦਾ ਹੈ। ਮੀਕਾ ਨੇ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਪਾਕਿਸਤਾਨ ਦੀ ਧਰਤੀ ਅਤੇ ਉੱਥੋਂ ਦੇ ਲੋਕਾਂ ਨਾਲ ਆਪਣੀ ਭਾਵਨਾਤਮਕ ਸਾਂਝ ਬਾਰੇ ਵੀ ਗੱਲ ਕੀਤੀ।
‘ਪਾਕਿਸਤਾਨ ਦੇ ਲੋਕ ਮਾੜੇ ਨਹੀਂ’
ਮੀਕਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਭਾਰਤ ਵਿੱਚ ਪਾਕਿਸਤਾਨੀ ਮੁਸਲਮਾਨਾਂ ਨੂੰ ਅਕਸਰ ਨਕਾਰਾਤਮਕ ਨਜ਼ਰੀਏ ਨਾਲ ਕਿਉਂ ਦੇਖਿਆ ਜਾਂਦਾ ਹੈ, ਜਦਕਿ ਦੁਬਈ ਜਾਂ ਹੋਰ ਦੇਸ਼ਾਂ ਵਿੱਚ ਰਹਿੰਦੇ ਮੁਸਲਮਾਨਾਂ ਨੂੰ ਚੰਗੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਦੇਸ਼ ਜਾਂ ਧਰਮ ਦੇ ਆਧਾਰ ‘ਤੇ ਮਾੜਾ ਨਹੀਂ ਕਹਿਣਾ ਚਾਹੀਦਾ। ਪਾਕਿਸਤਾਨ ਜਾਣ ਨੂੰ ਲੈ ਕੇ ਵੀ ਦਿੱਤੀ ਸਫਾਈ ਇਸ ਦੌਰਾਨ ਮੀਕਾ ਸਿੰਘ ਨੇ ਆਪਣੇ ਪਾਕਿਸਤਾਨ ਦੌਰੇ ਨੂੰ ਲੈ ਕੇ ਹੋਏ ਵਿਵਾਦ ਬਾਰੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਉਹ ਕਿਸੇ ਲੁਕਵੇਂ ਤਰੀਕੇ ਨਾਲ ਪਾਕਿਸਤਾਨ ਨਹੀਂ ਗਏ ਸਨ, ਸਗੋਂ ਕਾਨੂੰਨੀ ਤਰੀਕੇ ਨਾਲ ਵੀਜ਼ਾ ਲੈ ਕੇ ਫਲਾਈਟ ਰਾਹੀਂ ਉੱਥੇ ਗਏ ਸਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਿੱਜੀ ਸਮਾਗਮ ਵਿੱਚ ਕਲਾਕਾਰ ਪਰਫਾਰਮ ਕਰਦਾ ਹੈ ਅਤੇ ਉਸ ਦੀ ਕਮਾਈ ਭਾਰਤ ਵਿੱਚ ਆਉਂਦੀ ਹੈ ਤਾਂ ਉਸ ‘ਤੇ ਟੈਕਸ ਵੀ ਭਰਿਆ ਜਾਂਦਾ ਹੈ। ਮੀਕਾ ਨੇ ਇਹ ਵੀ ਕਿਹਾ ਕਿ ਜਦੋਂ ਪਾਕਿਸਤਾਨੀ ਕਲਾਕਾਰ ਭਾਰਤ ਆ ਕੇ ਪਰਫਾਰਮ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਪਿਆਰ ਅਤੇ ਸਨਮਾਨ ਮਿਲਦਾ ਹੈ, ਇਸ ਲਈ ਇਸ ਮਾਮਲੇ ਨੂੰ ਦੋਹਰੇ ਮਾਪਦੰਡਾਂ ਨਾਲ ਨਹੀਂ ਦੇਖਣਾ ਚਾਹੀਦਾ। ਮੀਕਾ ਸਿੰਘ ਦੇ ਇਸ ਬਿਆਨ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਲੋਕਾਂ, ਸੱਭਿਆਚਾਰਕ ਸਾਂਝ ਅਤੇ ਕਲਾਕਾਰਾਂ ਦੇ ਦੌਰਿਆਂ ਨੂੰ ਲੈ ਕੇ ਚਰਚਾ ਮੁੜ ਤੇਜ਼ ਹੋ ਗਈ ਹੈ।
