Business Khas

You are currently viewing ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਕੋਰਸ ਕਰਵਾ ਕੇ ਹੁਨਰਮੰਦ ਪੈਦਾ ਕਰਨ ’ਤੇ ਦਿੱਤਾ ਜ਼ੋਰ

ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਕੋਰਸ ਕਰਵਾ ਕੇ ਹੁਨਰਮੰਦ ਪੈਦਾ ਕਰਨ ’ਤੇ ਦਿੱਤਾ ਜ਼ੋਰ

ਜਲੰਧਰ,(ਸੰਜੇ ਸ਼ਰਮਾ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਵਿਭਿੰਨ ਗਤੀਵਿਧੀਆਂ ਨਾਲ ਸਬੰਧਤ ਵੱਖ-ਵੱਖ ਭਾਗੀਦਾਰ ਵਿਭਾਗਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਨਵੇਂ ਹੁਨਰ ਵਿਕਾਸ ਕੋਰਸ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁਧੀ ਰਾਜ ਸਿੰਘ ਅਤੇ ਭਾਗੀਦਾਰ ਵਿਭਾਗਾਂ ਦੇ ਅਧਿਕਾਰੀਆਂ  ਨਾਲ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਥਾਨਕ ਇੰਡਸਟਰੀ ਲੋੜ ਮੁਤਾਬਕ ਨਵੇਂ ਹੁਨਰ ਤਿਆਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਨਾਲ ਨੌਜਵਾਨਾਂ ਦੀ ਤਕਨੀਕੀ ਯੋਗਤਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਹਾਸਲ ਹੋਣਗੇ।

ਕੋਰਸ ਮੁਕੰਮਲ ਕਰਨ ਵਾਲੇ ਸਿਖਿਆਰਥੀਆਂ ਦੀ ਪਲੇਸਮੈਂਟ ਦਾ ਜਾਇਜ਼ਾ ਲੈਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਦੀ ਸੌ ਫੀਸਦੀ ਪਲੇਸਮੈਂਟ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨਾਂ ਨੂੰ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ ਜਾਵੇ।

ਉਨ੍ਹਾਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਦਾ ਵੀ ਜਾਇਜ਼ਾ ਲਿਆ।

ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਟ੍ਰੇਨਿੰਗ ਪਾਰਟਨਰਾਂ ਦੇ ਸਹਿਯੋਗ ਨਾਲ ਬਿਧੀਪੁਰ, ਨਕੋਦਰ, ਨੂਰਮਹਿਲ, ਸੂਰਾਨੁੱਸੀ, ਲਾਡੋਵਾਲੀ ਰੋਡ ਜਲੰਧਰ,ਵਰਿਆਣਾ, ਜਲੰਧਰ ਛਾਉਣੀ ਅਤੇ ਭੋਗਪੁਰ ਵਿਖੇ ਟੂਰੀਜ਼ਮ ਤੇ ਹਾਸਪੀਟੈਲਿਟੀ, ਸਿਹਤ ਸੰਭਾਲ, ਇਲੈਕਟ੍ਰਾਨਿਕ ਤੇ ਹਾਰਡ ਵੇਅਰ ਅਤੇ ਲੋਜਿਸਟਿਕ ਨਾਲ ਸਬੰਧਤ ਕੋਰਸ ਕਰਵਾਏ ਜਾ ਰਹੇ ਹਨ ਅਤੇ ਮੌਜੂਦਾ ਸਮੇਂ 1050 ਸਿਖਿਆਰਥੀ ਵੱਖ-ਵੱਖ ਕੋਰਸਾਂ ਤਹਿਤ ਸਿਖ਼ਲਾਈ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਆਈ.ਬੀ.ਐਮ. ਅਤੇ ਮਾਈਕਰੋਸਾਫਟ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ  20 ਤੋਂ 320 ਘੰਟਿਆਂ ਦੀ ਮਿਆਦ ਦੇ ਆਨਲਾਈਨ ਕੋਰਸ ਕਰਵਾਏ ਜਾ ਰਹੇ ਹਨ। ਇਹ ਸਾਰੇ ਕੋਰਸ ਤਕਨੀਕ, ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਈ-ਕਾਮਰਸ, ਕੰਪਿਊਟਰ ਆਦਿ ਨਾਲ ਸਬੰਧਤ ਹਨ।