ਜਲੰਧਰ,ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸਤਿਗੁਰੂ ਕਬੀਰ ਜੀ ਦੇ 628ਵੇਂ ਪ੍ਰਕਾਸ਼ ਉਤਸਵ ਸਮਾਗਮਾਂ ਤੋਂ ਪਹਿਲਾਂ ਨਕੋਦਰ ਰੋਡ ‘ਤੇ ਸਤਿਗੁਰੂ ਕਬੀਰ ਚੌਕ ਦਾ ਨਵੀਨੀਕਰਨ ਉਪਰੰਤ ਉਦਘਾਟਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੀ ਇਤਿਹਾਸਕ ਅਤੇ ਧਾਰਮਿਕ ਸ਼ਖਸੀਅਤਾਂ ਦਾ ਸਨਮਾਨ ਕਰਨ ਪ੍ਰਤੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਭਿਆਚਾਰਕ ਸਥਾਨਾਂ ਨੂੰ ਬਿਹਤਰ ਬਣਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਸਤਿਗੁਰੂ ਰਵਿਦਾਸ ਜੀ ਨੂੰ ਸਮਰਪਿਤ ਚੌਕ ਦਾ ਉਦਘਾਟਨ ਉਨ੍ਹਾਂ ਦੇ ਪ੍ਰਕਾਸ਼ ਉਤਸਵ ਦੌਰਾਨ ਕੀਤਾ ਗਿਆ ਸੀ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁਭ ਮੌਕੇ ‘ਤੇ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 29 ਜੂਨ ਦੀ ਸ਼ਾਮ ਨੂੰ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਭਾਰਗਵ ਨਗਰ ਸਥਿਤ ਸਤਿਗੁਰੂ ਕਬੀਰ ਜੀ ਮੁੱਖ ਮੰਦਰ ਵਿਖੇ ਹੋਵੇਗਾ। ਇਸ ਤੋਂ ਇਲਾਵਾ 27 ਜੂਨ ਨੂੰ ਭਾਰਗਵ ਨਗਰ ਦੇ ਸਤਿਗੁਰੂ ਕਬੀਰ ਮੁੱਖ ਮੰਦਰ ਤੋਂ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਵੀ ਸ਼ੁਰੂ ਹੋਵੇਗੀ। ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਇਸ ਵਿੱਚ ਸ਼ਾਮਲ ਹੋ ਕੇ ਅਸ਼ੀਰਵਾਦ ਲੈਣ ਦਾ ਸੱਦਾ ਦਿੱਤਾ।
ਉਦਘਾਟਨ ਸਮਾਰੋਹ ਵਿੱਚ ਅਚਾਰੀਆ ਮਹੰਤ ਜਗਦੀਸ਼ ਦਾਸ ਜੀ ਅਤੇ ਮਹੰਤ ਰਾਮ ਸਰਨ ਜੀ ਸਮੇਤ ਪ੍ਰਸਿੱਧ ਧਾਰਮਿਕ ਆਗੂਆਂ ਦੇ ਨਾਲ-ਨਾਲ ਮੰਦਰ ਕਮੇਟੀ ਦੇ ਮੈਂਬਰ, ਚੇਅਰਮੈਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ।
ਕਬੀਰ ਜੀ ਦੇ ਸਾਂਝੀਵਾਲਤਾ ਅਤੇ ਆਪਸੀ ਪ੍ਰੇਮ ਭਾਈਚਾਰੇ ਦੇ ਸਦੀਵੀਂ ਸੰਦੇਸ਼ ਦਾ ਜ਼ਿਕਰ ਕਰਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਪੰਜਾਬ ਦੀ ਅਸਲ ਸੁੰਦਰਤਾ ਮਿਲ ਜੁਲ ਕੇ ਰਹਿਣ, ਆਪਸੀ ਭਾਈਚਾਰਕ ਸਾਂਝ ਅਤੇ ਅਜਿਹੇ ਸ਼ੁਭ ਸਮਾਗਮਾਂ ਨੂੰ ਸਾਰੇ ਲੋਕਾਂ ਵੱਲੋਂ ਸਮੂਹਿਕ ਤੌਰ ‘ਤੇ ਮਨਾਉਣ ਦੀ ਅਮੀਰ ਵਿਰਾਸਤ ਵਿੱਚ ਹੈ।
