ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਏਅਰ ਕੰਡੀਸ਼ਨਰ (AC) ਸਮੇਤ ਹੋਰ ਕੰਜ਼ਿਊਮਰ ਡਿਊਰੇਬਲ ਉਤਪਾਦਾਂ ਦੀਆਂ ਕੀਮਤਾਂ ਵਿੱਚ 5 ਤੋਂ 8 ਫ਼ੀਸਦੀ ਤੱਕ ਵਾਧਾ ਹੋ ਗਿਆ ਹੈ। ਇਸ ਦੇ ਬਾਵਜੂਦ ਨਿਰਮਾਤਾ ਕੰਪਨੀਆਂ ਨੂੰ ਇਸ ਵਾਰ ਵਿਕਰੀ ਵਿੱਚ ਦੋਹਰੇ ਅੰਕਾਂ ਵਿੱਚ ਵਾਧੇ ਦੀ ਪੂਰੀ ਉਮੀਦ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਪ੍ਰੀਮੀਅਮ ਉਤਪਾਦਾਂ ਦੀ ਵਧਦੀ ਮੰਗ, ਪੁਰਾਣੇ ਉਪਕਰਣਾਂ ਨੂੰ ਬਦਲਣ ਦੀ ਲੋੜ, ਆਸਾਨ EMI ਸਹੂਲਤ ਅਤੇ ਗਾਹਕਾਂ ਦੇ ਖ਼ਰੀਦਦਾਰੀ ਰੁਝਾਨ ਵਿੱਚ ਸੁਧਾਰ ਨਾਲ ਬਾਜ਼ਾਰ ਨੂੰ ਵੱਡਾ ਹੁਲਾਰਾ ਮਿਲੇਗਾ। ਚਾਲੂ ਸਾਲ ਵਿੱਚ ਕੰਜ਼ਿਊਮਰ ਡਿਊਰੇਬਲ ਉਤਪਾਦਾਂ ਦੀਆਂ ਕੀਮਤਾਂ ਵਿੱਚ ਇਹ ਤੀਜਾ ਵਾਧਾ ਹੈ। ਤਾਂਬਾ, ਐਲੂਮੀਨੀਅਮ ਅਤੇ ਸਟੀਲ ਵਰਗੀਆਂ ਧਾਤਾਂ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਕੱਚੇ ਤੇਲ ਨਾਲ ਜੁੜੇ ਉਤਪਾਦਾਂ ਦੇ ਭਾਅ, ਟਰਾਂਸਪੋਰਟੇਸ਼ਨ ਖ਼ਰਚੇ ਅਤੇ ਕਰੰਸੀ ਐਕਸਚੇਂਜ ਦਰਾਂ ਵਿੱਚ ਉਤਾਰ-ਚੜ੍ਹਾਅ ਕਾਰਨ ਕੰਪਨੀਆਂ ਨੇ ਕੀਮਤਾਂ ਵਧਾਈਆਂ ਹਨ।
ਕੰਪਨੀਆਂ ਦਾ ਮੰਨਣਾ ਹੈ ਕਿ ਨਰਾਤਿਆਂ ਅਤੇ ਦੀਵਾਲੀ ਦੌਰਾਨ ਵੀ ਖ਼ਰੀਦਦਾਰੀ ਦੀ ਰਫ਼ਤਾਰ ਤੇਜ਼ ਰਹੇਗੀ। ਹਾਇਰ ਅਪਲਾਇੰਸਿਜ਼ ਇੰਡੀਆ ਦੇ ਸੀਈਓ ਐੱਨ. ਐੱਸ. ਸਤੀਸ਼ ਨੇ ਕਿਹਾ ਕਿ ਕੀਮਤਾਂ ਵਧਣ ਦੇ ਬਾਵਜੂਦ ਤਿਉਹਾਰੀ ਸੀਜ਼ਨ ਦੌਰਾਨ ਵਿਕਰੀ ਵਿੱਚ ਦੋਹਰੇ ਅੰਕਾਂ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਮੁਤਾਬਕ ਹਾਇਰ ਨੂੰ ਮੁੱਲ ਦੇ ਹਿਸਾਬ ਨਾਲ ਵਿਕਰੀ ਵਿੱਚ 30 ਤੋਂ 35 ਫ਼ੀਸਦੀ ਅਤੇ ਮਾਤਰਾ ਦੇ ਆਧਾਰ ’ਤੇ ਲਗਭਗ 20 ਫ਼ੀਸਦੀ ਵਾਧੇ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਕੰਜ਼ਿਊਮਰ ਡਿਊਰੇਬਲ ਉਦਯੋਗ ਦੀ ਤਿਉਹਾਰੀ ਸੀਜ਼ਨ ਦੌਰਾਨ ਵਿਕਰੀ 10 ਤੋਂ 15 ਫ਼ੀਸਦੀ ਤੱਕ ਵਧ ਸਕਦੀ ਹੈ। ਸਤੀਸ਼ ਦੇ ਅਨੁਸਾਰ ਗਾਹਕਾਂ ਦਾ ਰੁਝਾਨ ਹੁਣ ਪ੍ਰੀਮੀਅਮ ਉਤਪਾਦਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਸਾਨ ਫ਼ਾਈਨਾਂਸਿੰਗ ਇਸ ਮੰਗ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਹਾਇਰ ਨੇ 1 ਅਕਤੂਬਰ ਤੋਂ ਰੂਮ AC ਦੀਆਂ ਕੀਮਤਾਂ ਵਿੱਚ ਕਰੀਬ 5 ਫ਼ੀਸਦੀ ਵਾਧਾ ਕੀਤਾ ਹੈ।
ਇਸ ਤੋਂ ਇਲਾਵਾ LED TV ਅਤੇ ਵਾਸ਼ਿੰਗ ਮਸ਼ੀਨ ਵਰਗੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ 2 ਤੋਂ 3 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ। ਐੱਲਜੀ ਇਲੈਕਟ੍ਰਾਨਿਕਸ ਇੰਡੀਆ ਦੇ ਕੋ-ਹੈੱਡ (ਸੇਲਜ਼ ਐਂਡ ਮਾਰਕੀਟਿੰਗ) ਸੰਜੇ ਚਿਤਕਾਰਾ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਹੁਣ ਤਿਉਹਾਰੀ ਮੌਕੇ ਸਿਰਫ਼ ਰਵਾਇਤੀ ਖ਼ਰੀਦਦਾਰੀ ਤੱਕ ਸੀਮਤ ਨਹੀਂ ਰਹੇ। ਲੋਕ ਨਵੇਂ ਘਰ ਵਿੱਚ ਦਾਖ਼ਲੇ ਜਾਂ ਆਪਣੇ ਮੌਜੂਦਾ ਘਰ ਨੂੰ ਅਪਗ੍ਰੇਡ ਕਰਨ ਲਈ ਵੀ ਇਸ ਸਮੇਂ ਨਵੇਂ ਇਲੈਕਟ੍ਰਾਨਿਕ ਉਪਕਰਣ ਖ਼ਰੀਦ ਰਹੇ ਹਨ। ਰੈਫ਼੍ਰਿਜਰੇਟਰ, ਵਾਸ਼ਿੰਗ ਮਸ਼ੀਨ, TV ਅਤੇ AC ਤੋਂ ਇਲਾਵਾ ਡਿਸ਼ਵਾਸ਼ਰ, ਮਾਈਕ੍ਰੋਵੇਵ, ਆਡੀਓ ਉਤਪਾਦਾਂ ਅਤੇ ਵਾਟਰ ਪਿਊਰੀਫ਼ਾਇਰ ਵਰਗੀਆਂ ਸ਼੍ਰੇਣੀਆਂ ਵਿੱਚ ਵੀ ਗਾਹਕਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।
