ਖੰਨਾ ਤੋਂ ਲੁਧਿਆਣਾ ਜਾਣ ਵਾਲੇ ਨੈਸ਼ਨਲ ਹਾਈਵੇ ‘ਤੇ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਭਿਆਨਕ ਹਾਦਸਾ ਵਾਪਰਿਆ। ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਬੱਸ ਚਾਲਕ ਸੜਕ ‘ਤੇ ਖੜ੍ਹੇ ਸਰੀਏ ਨਾਲ ਭਰੇ ਖਰਾਬ ਟਰੱਕ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਸਵਾਰੀਆਂ ਨਾਲ ਭਰੀ ਬੱਸ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੀਐਸਪੀ ਵਿਲੀਅਮ ਜੈਜ਼ੀ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਜ਼ਖਮੀਆਂ ਨੂੰ ਖੰਨਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਬੱਸ ਵਿੱਚ ਸਵਾਰ ਕੁਝ ਔਰਤਾਂ ਨੇ ਦੱਸਿਆ ਕਿ ਬੱਸ ਧਾਗਾ ਫੈਕਟਰੀ ਦੀ ਸੀ, ਜਿਸ ‘ਚ 30 ਦੇ ਕਰੀਬ ਔਰਤਾਂ ਅਤੇ ਹੋਰ ਲੋਕ ਖੰਨਾ ਤੋਂ ਫੈਕਟਰੀ ਨੂੰ ਜਾਣ ਲਈ ਬੱਸ ਵਿੱਚ ਸਵਾਰ ਸਨ। ਬੀਜਾ ਨੇੜੇ ਗੁਰਦੁਆਰਾ ਮੰਜੀ ਸਾਹਿਬ ਅੱਗੇ ਸੜਕ ‘ਤੇ ਖੜ੍ਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ, ਜਿਸ ‘ਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ।
