Business Khas

You are currently viewing ਸਿਵਲ ਸਰਜਨ ਦਫ਼ਤਰ ਵਿਖੇ ਪਲਸ ਪੋਲੀਓ ਰਾਉਂਡ-2024 ਦਾ ਪੋਸਟਰ ਰੀਲੀਜ਼

ਸਿਵਲ ਸਰਜਨ ਦਫ਼ਤਰ ਵਿਖੇ ਪਲਸ ਪੋਲੀਓ ਰਾਉਂਡ-2024 ਦਾ ਪੋਸਟਰ ਰੀਲੀਜ਼

ਜਲੰਧਰ, ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੀ ਪ੍ਰਧਾਨਗੀ ਹੇਠ ‘ਰਾਸ਼ਟਰੀ ਇਮਊਨਾਈਜੇਸ਼ਨ ਡੇ’ ਤਹਿਤ ਪਲਸ ਪੋਲੀਓ ਰਾਉਂਡ-2024 ਸੰਬੰਧੀ ਵੀਡੀਓ ਕਾਨਫਰੈਂਸ (ਵੀ.ਸੀ.) ਰਾਹੀਂ ਐਸ.ਐਮ.ਓਜ਼ ਅਤੇ ਨੋਡਲ ਅਫ਼ਸਰਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਇਸਦੇ ਨਾਲ ਹੀ ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਪਲਸ ਪੋਲੀਓ ਰਾਉਂਡ-2024 ਦਾ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਸਰਵਿਲੈਂਸ ਮੈਡੀਕਲ ਅਫ਼ਸਰ ਡਾ. ਗਗਨ ਸ਼ਰਮਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ, ਸੁਪਰਡੈਂਟ ਗੁਰਪਿੰਦਰ ਕੌਰ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਐਸ.ਐਮ.ਓ. ਕਮਲਜੀਤ ਕੌਰ , ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਜਿਲ੍ਹਾ ਵੈਕਸੀਨ ਸਟੋਰ ਕੀਪਰ ਦੀਪਕ ਰਾਜ ਮੌਜੂਦ ਸਨ। ਡਾ. ਜਗਦੀਪ ਚਾਵਲਾ ਵੱਲੋਂ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ ਕਿ ਪੋਲੀਓ ਰਾਉਂਡ ਦੌਰਾਨ ਜਨਮ ਤੋਂ ਲੈ ਕੇ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਦੀ ਖੁਰਾਕ ਤੋਂ ਵਾਂਝਾ ਨਾ ਰਹੇ ਇਸ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਾਈ ਰਿਸਕ ਖੇਤਰਾਂ, ਸਲਮ ਏਰੀਆ, ਝੁੱਗੀਆਂ ਝੋਪੜੀਆਂ, ਡੇਰੇ, ਇੰਡਸਟਰੀ ਏਰੀਆ, ਇੱਟਾਂ ਦੇ ਭੱਠੇ ਆਦਿ ਥਾਵਾਂ ‘ਤੇ ਖਾਸ ਧਿਆਨ ਦਿੱਤਾ ਜਾਵੇ ਅਤੇ ਜਨਮ ਤੋਂ ਲੈ ਕੇ 5 ਸਾਲ ਤੱਕ ਦੇ ਹਰ ਬੱਚੇ ਨੂੰ ਇਸ ਰਾਉਂਡ ਤਹਿਤ ਕਵਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਬੇਸ਼ੱਕ ਭਾਰਤ ਨੂੰ ਪਹਿਲਾਂ ਹੀ ਪੋਲੀਓ ਮੁਕਤ ਦੇਸ਼ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਹਾਲੇ ਵੀ ਪੋਲੀਓ ਦੇ ਕੇਸ ਮਿਲਣ ਕਰਕੇ ਅਹਿਤਿਆਤੀ ਤੌਰ ‘ਤੇ ਭਾਰਤ ਵਿੱਚ ਜਨਮ ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ।ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ ਵੱਲੋਂ ਮਾਈਕ੍ਰੋਪਲਾਨ, ਵੈਕਸੀਨ ਦੀ ਕੋਲਡ ਚੇਨ, ਵੈਕਸੀਨ ਵਾਇਲ ਮੋਨੀਟਰ (ਵੀ.ਵੀ.ਐਮ.) ਬਾਰੇ ਦੱਸਿਆ ਗਿਆ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਲਸ ਪੋਲੀਓ ਰਾਉਂਡ-2024 ਦੌਰਾਨ 3 ਮਾਰਚ ਨੂੰ ਜਿਲ੍ਹੇ ਵਿੱਚ 1318 ਪੋਲੀਓ ਬੂਥ ਲਗਾਏ ਜਾਣਗੇ। ਜਿਲ੍ਹੇ ਵਿੱਚ ਕੋਈ ਵੀ ਬੱਚਾ ਪੋਲੀਓ ਦੀ ਖੁਰਾਕ ਤੋਂ ਵਾਂਝਾ ਨਾ ਰਹੇ ਇਸਨੂੰ ਯਕੀਨੀ ਬਣਾਉਣ ਲਈ 2241 ਟੀਮਾਂ, 271 ਸੁਪਰਵਾਈਜ਼ਰ ਅਤੇ 55 ਮੋਬਾਈਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਐਤਵਾਰ ਨੂੰ ਆਪਣੇ ਨਜ਼ਦੀਕੀ ਪੋਲੀਓ ਬੂਥ ਤੇ ਜਾ ਕੇ ਜਨਮ ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਜਰੂਰ ਪਿਲਾਉਣ।