Business Khas

Latest news
You are currently viewing ਸੰਘੀ ਗ੍ਰੋਹਾਂ ਦੇ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਤੇ ਦੰਗੇ ਭੜਕਾਉਣ ਦੇ ਮਨਹੂਸ ਇਰਾਦੇ ਪਛਾੜੋ : ਪਾਸਲਾ

ਸੰਘੀ ਗ੍ਰੋਹਾਂ ਦੇ ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਤੇ ਦੰਗੇ ਭੜਕਾਉਣ ਦੇ ਮਨਹੂਸ ਇਰਾਦੇ ਪਛਾੜੋ : ਪਾਸਲਾ

ਜਲੰਧਰ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਭਾਰਤ ਦੀ ਮਾਰਕਸਵਾਦੀ ਕਮਿਊਨਿਸਟ ਪਾਰਟੀ-ਯੁਨਾਈਟਡ (ਐਮ.ਸੀ.ਪੀ.ਆਈ.-ਯੂ.) ਤੇ ਆਧਾਰਿਤ ਕਮਿਊਨਿਸਟ ਕੋ-ਆਰਡੀਨੇਸ਼ਨ ਕਮੇਟੀ (ਸੀ.ਸੀ.ਸੀ.) ਵਲੋਂ, ਆਉਣ ਵਾਲੀ 20 ਮਈ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਕੀਤੀ ਜਾਣ ਵਾਲੀ ਸਨਅਤੀ ਕਾਮਿਆਂ ਤੇ ਗੈਰ ਜੱਥੇਬੰਦਕ ਖੇਤਰ ਦੇ ਕਿਰਤੀਆਂ ਦੀ ਕੁਲ ਹਿੰਦ ਪੱਧਰ ਦੀ ਹੜਤਾਲ ਅਤੇ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਕੀਤੇ ਜਾਣ ਵਾਲੇ ਦੇਸ਼ ਵਿਆਪੀ ਐਕਸ਼ਨਾਂ ਦੀ ਕਾਮਯਾਬੀ ਲਈ ਹਰ ਪੱਖੋਂ ਡੱਟਵਾਂ ਸਹਿਯੋਗ ਕੀਤਾ ਜਾਵੇਗਾ। ਇਹ ਜਾਣਕਾਰੀ, ਸੀ.ਸੀ.ਸੀ. ਦੇ ਕਨਵੀਨਰਾਂ ਸਾਥੀ ਮੰਗਤ ਰਾਮ ਪਾਸਲਾ ਅਤੇ ਐਮ. ਅਸ਼ੋਕ ਓਮਕਾਰ ਨੇ, ਸਾਥੀ ਕੇ. ਗੰਗਾਥਰਨ ਤੇ ਕਿਰਨਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਸੰਪੰਨ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਇਕ ਸਾਂਝੇ ਬਿਆਨ ਰਾਹੀਂ ਦਿੱਤੀ ਹੈ।

ਸੀ.ਸੀ.ਸੀ. ਨੇ ਹਾਲ ਹੀ ਪਾਸ ਕੀਤੇ ਵੱਕਫ ਸੋਧ ਬਿੱਲ ਦੀ ਕਰੜੀ ਨਿਖੇਧੀ ਕਰਦਿਆਂ ਇਸ ਨੂੰ ਮੋਦੀ ਸਰਕਾਰ ਵਲੋਂ ਆਰ.ਐਸ.ਐਸ. ਦੀਆਂ ਹਿਦਾਇਤਾਂ ਅਨੁਸਾਰ ਮੁਸਲਿਮ ਭਾਈਚਾਰੇ ਖਿਲਾਫ਼ ਘਿਰਣਾ ਪੈਦਾ ਕਰਨ ਅਤੇ ਫਿਰਕੂ ਵੰਡ ਤਿੱਖੀ ਕਰਨ ਲਈ ਚੁੱਕਿਆ ਗਿਆ ਅਤਿ ਘਾਤਕ ਕਦਮ ਕਿਹਾ ਹੈ। ਸੀ.ਸੀ.ਸੀ. ਦੀ ਇਹ ਵੀ ਠੋਸ ਰਾਇ ਹੈ ਕਿ ਇਹ, ਵੱਕਫ ਦੀ ਬੇਸ਼ਕੀਮਤੀ ਜ਼ਮੀਨ-ਜਾਇਦਾਦ, ਦੇਸੀ-ਵਿਦੇਸ਼ੀ ਕਾਰਪੋਰੇਟ ਧਨਾਢਾਂ ਦੇ ਹਵਾਲੇ ਕਰਨ ਦੀ ਆਰ.ਐਸ.ਐਸ., ਭਾਜਪਾ ਤੇ ਮੋਦੀ ਸਰਕਾਰ ਦੀ ਮਨਹੂਸ ਮਨਸੂਬਾਬੰਦੀ ਦੀ ਅਗਲੇਰੀ ਕੜੀ ਹੀ ਹੈ। ਇਸ ਘਾਤਕ ਰੁਝਾਨ ਦਾ ਅਗਲਾ ਨਿਸ਼ਾਨਾ ਈਸਾਈ ਧਾਰਮਿਕ ਜਾਇਦਾਦਾਂ ਨੂੰ ਬਣਾਏ ਜਾਣ ਦੇ ਸਪੱਸ਼ਟ ਸੰਕੇਤ ਆ ਚੁੱਕੇ ਹਨ ਅਤੇ ਦੇਰ-ਸਵੇਰ ਬਾਕੀ ਘੱਟ ਗਿਣਤੀ ਸਮੁਦਾਇ ਵੀ ਇਸ ਦੀ ਮਾਰ ਹੇਠ ਅਵੱਸ਼ ਲਿਆਂਦੇ ਜਾਣਗੇ।

ਸੀ.ਸੀ.ਸੀ. ਦੀ ਇਹ ਸਪੱਸ਼ਟ ਸਮਝਦਾਰੀ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ‘ਬੰਦੂਕ ਦੇ ਨਾਲ-ਨਾਲ ਕਲਮ ਦੀ ਵਰਤੋਂ ਕਰਨ ਵਾਲੇ ਮਾਓਵਾਦੀਆਂ ਨੂੰ ਵੀ ਕਾਬੂ ਕਰਨ’ ਦਾ ਹਿਦਾਇਤਨੁਮਾ ਬਿਆਨ ਆਰ.ਐਸ.ਐਸ. ਅਤੇ ਇਸ ਦੀ ਹੱਥਠੋਕਾ ਕੇਂਦਰੀ ਸਰਕਾਰ ਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਦੇ ਅਧਿਕਾਰ ਦੇ ਮੁਕੰਮਲ ਖਾਤਮੇ ਦੀ ਮੰਸ਼ਾ ਦਾ ਭੱਦਾ ਪ੍ਰਗਟਾਵਾ ਹੈ। ਇਸ ਤੋਂ ਇਹ ਪ੍ਰਤੱਖ ਜ਼ਾਹਿਰ ਹੁੰਦਾ ਹੈ ਕਿ ਆਰ.ਐਸ.ਐਸ. ਦੇ ਵਿਚਾਰਧਾਰਕ ਵਿਰੋਧੀ ਅਤੇ ਮੋਦੀ ਸਰਕਾਰ ਦੇ ਨੀਤੀ-ਫੈਸਲਿਆਂ ਦੇ ਆਲੋਚਕ ਸੰਗਠਨ ਅਤੇ ਬੁੱਧੀਜੀਵੀ ਆਉਂਦੇ ਸਮੇਂ ’ਚ ਹੋਰ ਵੀ ਵੱਡੀ ਪੱਧਰ ’ਤੇ ਸਰਕਾਰੀ ਜ਼ਬਰ ਦਾ ਨਿਸ਼ਾਨਾ ਬਣਾਏ ਜਾਣਗੇ।

ਸੀ.ਸੀ.ਸੀ. ਨੇ, ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ ਕੱਟੜ-ਪਿਛਾਖੜੀ, ਮਨੂੰਵਾਦੀ-ਹਿੰਦੂਤਵੀ ਰਾਜ ਕਾਇਮ ਦੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਮਨਸੂਬਿਆਂ ਖਿਲਾਫ਼ ਸਿਆਸੀ-ਵਿਚਾਰਧਾਰਕ ਮੁਹਿੰਮ ਤੇਜ਼ ਕਰਨ ਦੀ ਠੋਸ ਵਿਉਂਤਬੰਦੀ ਕੀਤੀ ਹੈ। ਇਸ ਤੋਂ ਇਲਾਵਾ ਜਲ-ਜੰਗਲ-ਜ਼ਮੀਨ ਤੇ ਪਬਲਿਕ ਸੈਕਟਰ ਸਮੇਤ ਦੇਸ਼ ਦੇ ਸਾਰੇ ਕੁਦਰਤੀ ਤੇ ਮਾਨਵੀ ਵਸੀਲੇ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਵਾਦੀਆਂ ਅਤੇ ਸਾਮਰਾਜੀ ਲੋਟੂਆਂ ਦੇ ਹਵਾਲੇ ਕਰਕੇ ਦੇਸ਼ ਵਾਸੀਆਂ ਨੂੰ ਕੰਗਾਲ ਕਰ ਰਹੀਆਂ, ਕੇਂਦਰ ਦੀ ਮੋਦੀ ਸਰਕਾਰ ਅਤੇ ਪ੍ਰਾਂਤਕ ਸਰਕਾਰਾਂ ਵਲੋਂ ਇਕੋ ਜਿਹੀ ਤਤਪਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਖ਼ਿਲਾਫ਼ ਜਾਰੀ ਜਨ-ਸੰਗਰਾਮ ਨੂੰ ਵੀ ਹੋਰ ਤੇਜ਼ ਤੇ ਵਿਆਪਕ ਕਰਨ ਦੀ ਯੋਜਨਾ ਉਲੀਕੀ ਗਈ ਹੈ।

ਇਸੇ ਸੇਧ ਵਿੱਚ 13 ਅਪ੍ਰੈਲ ਨੂੰ ‘ਖਾਲਸਾ ਸਾਜਨਾ ਦਿਵਸ’ ਅਤੇ ‘ਜ਼ਲ੍ਹਿਆਂ ਵਾਲਾ ਬਾਗ਼ ਸ਼ਹੀਦੀ ਸਾਕੇ’ ਦੀ ਵਰ੍ਹੇਗੰਢ, ‘ਫਿਰਕੂ ਸਾਂਝ ਦੀ ਰਾਖੀ ਤੇ ਮਜ਼ਬੂਤੀ ਅਤੇ ਲੁੱਟ-ਖਸੁੱਟ ਤੇ ਅਨਿਆਂ ਦੇ ਖਾਤਮੇ ਲਈ ਜੂਝਣ ਦੇ ਸੰਕਲਪ ਦਿਵਸ’ ਵਜੋਂ ਭਰਵੇਂ ਇਕੱਠ ਕਰਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਭਾਰਤ ਦੇ ਵਰਤਮਾਨ ਸੰਵਿਧਾਨ ਅਤੇ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ (ਸੰਘਾਤਮਕ) ਢਾਂਚੇ ਦੀ ਸਲਾਮਤੀ ਲਈ ਜੂਝਣ ਪ੍ਰਤੀ ਲੋਕ ਚੇਤਨਾ ਪ੍ਰਚੰਡ ਕਰਨ ਹਿਤ ਪ੍ਰਭਾਵਸ਼ਾਲੀ ਇਕੱਠ ਕੀਤੇ ਜਾਣਗੇ।

22 ਅਪ੍ਰੈਲ ਨੂੰ, ਸੰਸਾਰ ਕਿਰਤੀ ਦੇ ਮਹਾਨ ਆਗੂ ਕਾਮਰੇਡ ਵੀ. ਆਈ. ਲੈਨਿਨ ਦੇ ਜਨਮ ਦਿਹਾੜੇ ਮੌਕੇ ਵਿਸ਼ਵ ਲੋਕਾਈ ਨੂੰ ‘ਸੰਸਾਰ ਭਰ ਦੇ ਲੁੱਟੇ-ਲਤਾੜੇ ਲੋਕਾਂ ਦੀ ਸਾਮਰਾਜੀ ਲੁੱਟ-ਖਸੁੱਟ ਅਤੇ ਦਾਬੇ ਤੋਂ ਮੁਕਤੀ ਦਾ ਸੰਗਰਾਮ’ ਹੋਰ ਭਖਾਉਣ ਦਾ ਸੁਨੇਹਾ ਦੇਣ ਹਿਤ ਕਨਵੈਨਸ਼ਨਾਂ, ਜਨ ਸਭਾਵਾਂ, ਸੈਮੀਨਾਰ ਆਦਿ ਜੱਥੇਬੰਦ ਕੀਤੇ ਜਾਣਗੇ।

ਪਹਿਲੀ ਮਈ ਨੂੰ, ‘ਸੰਸਾਰ ਕਿਰਤੀ ਦਿਹਾੜਾ’ ਅਜੋਕੇ ਇਕ ਧਰੁਵੀ ਵਿਸ਼ਵ ਨਿਜ਼ਾਮ ਦੇ ਹਿੱਤ ਪੂਰਨ ਲਈ ਘੜੀਆਂ ਨਵ-ਉਦਾਰਵਾਦੀ ਨੀਤੀਆਂ ਤੋਂ ਸੰਸਾਰ ਭਰ ਦੀ ਕਿਰਤੀ ਲੋਕਾਈ ਦੀ ਬੰਦ ਖਲਾਸੀ ਦਾ ਸੰਗਰਾਮ ਤਿੱਖੇ ਤੋਂ ਤਿਖੇਰਾ ਕਰਨ ਦਾ ਸੁਨੇਹਾ ਦੇਣ ਹਿਤ ਮਨਾਇਆ ਜਾਵੇਗਾ।

ਉਕਤ ਸਾਰੇ ਇਕੱਠਾਂ ਰਾਹੀਂ ਮਿਹਨਤਕਸ਼ਾਂ ਦੀ ਬੇਕਿਰਕ ਲੁੱਟ-ਖਸੁੱਟ ’ਤੇ ਆਧਾਰਿਤ ਪੂੰਜੀਵਾਦੀ ਢਾਂਚੇ ਦੀ ਥਾਂ ਲੋਕ ਹਿਤੈਸ਼ੀ ਸਮਾਜਵਾਦੀ ਪ੍ਰਬੰਧ ਕਾਇਮ ਕਰਨ ਲਈ ਸੰਗਰਾਮੀ ਹੰਭਲਾ ਮਾਰਨ ਦਾ ਸੱਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਿਧਾਂਤਕ-ਵਿਚਾਰਧਾਰਕ ਪੁਸਤਕਾਂ ਅਤੇ ਸਾਹਿਤ ਵਿਸ਼ਾਲ ਪੈਮਾਨੇ ’ਤੇ ਵੇਚਿਆ ਅਤੇ ਵੰਡਿਆ ਜਾਵੇਗਾ।