ਜਲੰਧਰ, 10 ਨਵੰਬਰ: ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖ਼ਲ ਹੋਣ ਦੇ ਚਾਹਵਾਨ ਉਮੀਦਵਾਰਾਂ (ਲੜਕੇ) ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਵੱਲੋਂ ਮੁਫ਼ਤ ਮੁੱਢਲੀ ਲਿਖਤੀ ਅਤੇ ਫਿਜ਼ੀਕਲ ਸਿਖ਼ਲਾਈ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਏ.ਐਫ.ਪੀ.ਆਈ. ਵਿੱਚ ਦਾਖ਼ਲੇ ਲਈ ਵੈੱਬ ਪੋਰਟਲ https://recruitment.portal.in ’ਤੇ 15 ਦਸੰਬਰ, 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਏ.ਐਫ.ਪੀ.ਆਈ. ਵਿੱਚ ਦਾਖਲੇ ਲਈ ਵਿਦਿਆਰਥੀ ਨੂੰ ਮੈਟ੍ਰਿਕ ਪੱਧਰ ਦੀ ਭਾਸ਼ਾ ਅੰਗਰੇਜ਼ੀ, ਗਣਿਤ ਅਤੇ ਸਮਾਜਿਕ ਅਧਿਐਨ (ਸੀ.ਬੀ.ਐਸ.ਈ.) ਦਾ ਲਿਖਤੀ ਦਾਖਲਾ ਟੈਸਟ ਪਾਸ ਕਰਨਾ ਹੋਵੇਗਾ।ਇਸ ਤੋਂ ਇਵਾਲਾ ਵਿਦਿਆਰਥੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸਦੀ ਜਨਮ ਮਿਤੀ 2 ਜਨਵਰੀ 2009 ਤੋਂ ਪਹਿਲਾਂ ਦੀ ਨਾ ਹੋਵੇ। ਉਮੀਦਵਾਰ ਮੌਜੂਦਾ ਸਮੇਂ ਦਸਵੀਂ ਜਮਾਤ ਵਿੱਚ ਪੜ੍ਹਦਾ ਹੋਵੇ। ਗਿਆਰਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਗਿਆਰਵੀਂ ਜਮਾਤ ਵਿੱਚ ਦਾਖ਼ਲ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਨਿਰਧਾਰਤ ਉਮਰ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ।ਉਨ੍ਹਾਂ ਦੱਸਿਆ ਕਿ ਏ.ਐਫ.ਪੀ.ਆਈ. ਵਿਖੇ ਦਾਖ਼ਲਾ ਪ੍ਰੀਖਿਆ ਪਾਸ ਕਰਨ ਵਾਲੇ ਲੜਕਿਆਂ ਨੂੰ ਮੁਹਾਲੀ ਦੇ ਵਧੀਆ ਸਕੂਲਾਂ ਵਿੱਚੋਂ ਕਿਸੇ ਇੱਕ ਵਿੱਚ 11ਵੀਂ ਅਤੇ 12ਵੀਂ ਜਮਾਤਾਂ ਲਈ ਉੱਚ ਸਬਸਿਡੀ ਵਾਲੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਹਾਸਲ ਹੋਵੇਗਾ ਅਤੇ ਵਿਦਿਆਰਥੀਆਂ ਲਈ ਏ.ਐਫ.ਪੀ.ਆਈ. ਵਿਖੇ ਖੇਡਾਂ ਸਮੇਤ ਹੋਰ ਗਤੀਵਿਧੀਆਂ ਤੋਂ ਇਲਾਵਾ ਮੁਫਤ ਹੋਸਟਲ ਅਤੇ ਖਾਣੇ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਵੈੱਬਸਾਈਟ www.mrsafpi.punjab.gov.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੰਸਥਾ ਦੀ ਈਮੇਲ ਆਈ.ਡੀ. afpi.mohali@yahoo.com, mrsafpidirector@gmail.com ਜਾਂ ਸੰਪਰਕ ਨੰ. 0172-2219707/9041006305 ’ਤੇ ਰਾਬਤਾ ਕੀਤਾ ਜਾ ਸਕਦਾ ਹੈ।
