ਨਿੱਜੀ ਮੌਸਮ ਏਜੰਸੀ ਸਕਾਈਮੇਟ ਨਾਲ ਜੁੜੇ ਮੌਸਮ ਵਿਗਿਆਨੀ ਮਹੇਸ਼ ਪਾਲਾਵਤ ਮੁਤਾਬਕ ਉੱਤਰੀ ਭਾਰਤ ‘ਚ ਮਾਨਸੂਨ ਕਦੋਂ ਦਸਤਕ ਦੇਵੇਗਾ, ਇਸ ਬਾਰੇ ਸਹੀ ਭਵਿੱਖਬਾਣੀ ਕਰਨਾ ਮੁਸ਼ਕਿਲ ਹੈ ਪਰ 20 ਜੂਨ ਤੋਂ ਬਾਅਦ ਉੱਤਰੀ ਭਾਰਤ ‘ਚ ਦਸਤਕ ਦੇਣ ਦੀ ਉਮੀਦ ਹੈ।ਉਧਰ, ਪੰਜਾਬ ਸਣੇ ਕਈ ਸੂਬਿਆਂ ਵਿਚ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਮੌਸਮ ਵਿਭਾਗ ਵੱਲੋਂ 12 ਅਤੇ 13 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ, ਜਦਕਿ 12 ਜੂਨ ਨੂੰ ਤੇਜ ਹਨੇਰੀ ਦੇ ਨਾਲ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।ਦੂਜੇ ਪਾਸੇ ਪੱਛਮੀ ਬੰਗਾਲ ਦੇ ਉਪ-ਹਿਮਾਲੀਅਨ ਜ਼ਿਲ੍ਹਿਆਂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ ਕਾਰਨ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ, ਰਾਜ ਦੇ ਦੱਖਣੀ ਜ਼ਿਲ੍ਹਿਆਂ ਦੇ ਲੋਕਾਂ ਦੇ 13 ਜੂਨ ਤੱਕ ਭਿਆਨਕ ਗਰਮੀ ਦੀ ਲਹਿਰ ਨਾਲ ਜੂਝਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਜ ਦੇ ਉਪ-ਹਿਮਾਲੀਅਨ ਜ਼ਿਲ੍ਹਿਆਂ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਦੱਖਣ-ਪੱਛਮੀ ਮਾਨਸੂਨ ਦੋ ਦਿਨਾਂ ਦੇ ਅੰਦਰ ਸਾਰੇ ਉੱਤਰ-ਪੂਰਬੀ ਰਾਜਾਂ ਅਤੇ ਪੱਛਮੀ ਬੰਗਾਲ ਅਤੇ ਸਿੱਕਮ ਵੱਲ ਵਧਣ ਦੀ ਸੰਭਾਵਨਾ ਹੈ।
