ਜੂਨ ਦੇ ਮਹੀਨੇ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਹਿਲੇ ਹੀ ਦਿਨ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤੇਲ ਕੰਪਨੀਆਂ ਵੱਲੋਂ 1 ਜੂਨ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਰਾਹਤ ਦਿੱਤੀ ਗਈ ਹੈ। ਸਰਕਾਰੀ ਤੇਲ ਕੰਪਨੀਆਂ (OMCs) ਵੱਲੋਂ ਜਾਰੀ ਕੀਤੀ ਗਈ ਕੀਮਤ ਦੇ ਮੁਤਾਬਕ ਹੁਣ ਗੈਰ-ਘਰੇਲੂ ਸਿਲੰਡਰ ਯਾਨੀ ਕਮਰਸ਼ਅਲ ਗੈਸ ਸਿਲੰਡਰ ਦੀ ਕੀਮਤ 83 ਰੁਪਏ ਘੱਟ ਹੋ ਗਈ ਹੈ।
ਇਸਦਾ ਮਤਲਬ ਇਹ ਹੈ ਕਿ 19 ਕਿੱਲੋ ਵਾਲੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੇ ਲਈ ਹੁਣ ਤੁਹਾਨੂੰ 1773 ਰੁਪਏ ਹੀ ਦੇਣੇ ਪੈਣਗੇ। ਪਹਿਲਾਂ ਇਹ ਸਿਲੰਡਰ 1856.50 ਰੁਪਏ ਵਿੱਚ ਮਿਲਦਾ ਸੀ।
ਹਾਲਾਂਕਿ ਘਰੇਲੂ ਗੈਸ ਸਿਲੰਡਰ ਪਹਿਲਾਂ ਵਾਂਗ ਹੀ ਮਿਲੇਗਾ ਕਿਉਂਕਿ ਉਸਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਵਪਾਰਕ ਐਲਪੀਜੀ ਸਿਲੰਡਰਾਂ ਵਿੱਚ ਰਾਹਤ ਦੇਣ ਤੋਂ ਇਲਾਵਾ ਤੇਲ ਕੰਪਨੀਆਂ ਵੱਲੋਂ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਕਰੀਬ 6,600 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦਾ ਅਸਰ ਆਉਣ ਵਾਲੇ ਸਮੇਂ ‘ਚ ਹਵਾਈ ਯਾਤਰਾ ‘ਤੇ ਵੀ ਦੇਖਿਆ ਜਾ ਸਕਦਾ ਹੈ। ਨਵੀਆਂ ਦਰਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ ਤੇ ਤੇਲ ਕੰਪਨੀਆਂ ਵੱਲੋਂ ਫਿਲਹਾਲ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ‘ਚ ਗੈਸ ਸਿਲੰਡਰ 1856.50 ਰੁਪਏ ਤੋਂ ਘੱਟ ਕੇ 1773 ਰੁਪਏ ‘ਤੇ ਆ ਗਿਆ ਹੈ, ਉੱਥੇ ਕੋਲਕਾਤਾ ‘ਚ ਪਹਿਲਾਂ 1960.50 ਰੁਪਏ ਦੇ ਮੁਕਾਬਲੇ ਹੁਣ ਇਸ ਸਿਲੰਡਰ
ਲਈ 1875.50 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ, ਮੁੰਬਈ ਵਿੱਚ ਪਹਿਲਾਂ 1808.50 ਰੁਪਏ ਲੱਗਦੇ ਸੀ, ਜੋ ਹੁਣ 1725 ਰੁਪਏ ਵਿੱਚ ਉਪਲਬਧ ਹੋਵੇਗਾ ਤੇ ਚੇਨਈ ਵਿੱਚ ਕੀਮਤ 2021.50 ਰੁਪਏ ਤੋਂ ਘੱਟ ਕੇ ਹੁਣ 1937 ਰੁਪਏ ਹੋ ਗਈ ਹੈ।
