Business Khas

ਈਰਾਨੀ ਮਿਜ਼ਾਈਲ ਨਾਲ 5 ਭਾਰਤੀ ਜ਼ਖਮੀ

ਸ਼ੁੱਕਰਵਾਰ ਨੂੰ ਅਬੂ ਧਾਬੀ ਦੇ ਅਜਬਾਨ ਖੇਤਰ ਵਿਚ ਅਸਮਾਨ ਵਿਚ ਮਿਜ਼ਾਈਲ ਤਬਾਹ ਹੋਣ ਤੋਂ ਬਾਅਦ ਮਲਬਾ ਡਿੱਗਣ ਨਾਲ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਪੰਜ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਭਾਵੇਂ ਯੂਏਈ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਮਿਜ਼ਾਈਲ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ, ਫਿਰ ਵੀ ਕੁਝ ਨੁਕਸਾਨ ਹੋਇਆ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਇੱਕ ਪੋਸਟ ਵਿਚ ਅਬੂ ਧਾਬੀ ਮੀਡੀਆ ਦਫਤਰ ਨੇ ਕਿਹਾ: “ਅਜਬਾਨ ਖੇਤਰ ਵਿੱਚ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਰੋਕੇ ਜਾਣ ਤੋਂ ਬਾਅਦ ਮਲਬਾ ਡਿੱਗਣ ਨਾਲ ਛੇ ਨੇਪਾਲੀ ਅਤੇ ਪੰਜ ਭਾਰਤੀ ਨਾਗਰਿਕਾਂ ਨੂੰ ਸੱਟਾਂ ਲੱਗੀਆਂ, ਜਦੋਂ ਕਿ ਇੱਕ ਨੇਪਾਲੀ ਨਾਗਰਿਕ ਦੀ ਹਾਲਤ ਗੰਭੀਰ ਹੈ। ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ਼ ਅਧਿਕਾਰਤ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਅਤੇ ਅਫਵਾਹਾਂ ਜਾਂ ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਉਣ ਤੋਂ ਬਚਣ।”

ਇਸ ਦੌਰਾਨ ਯੂਏਈ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ ਨੂੰ ਇਸ ਦੇ ਹਵਾਈ ਰੱਖਿਆ ਨੇ ਈਰਾਨ ਤੋਂ ਲਾਂਚ ਕੀਤੀਆਂ ਗਈਆਂ 18 ਬੈਲਿਸਟਿਕ ਮਿਜ਼ਾਈਲਾਂ, ਚਾਰ ਕਰੂਜ਼ ਮਿਜ਼ਾਈਲਾਂ ਅਤੇ 47 ਯੂਏਵੀ ਨੂੰ ਰੋਕਿਆ। ਬਿਆਨ ਦੇ ਅਨੁਸਾਰ ਈਰਾਨੀ ਹਮਲਿਆਂ ਦੀ ਸ਼ੁਰੂਆਤ ਤੋਂ ਬਾਅਦ ਯੂਏਈ ਦੇ ਹਵਾਈ ਰੱਖਿਆ ਨੇ ਕੁੱਲ 475 ਬੈਲਿਸਟਿਕ ਮਿਜ਼ਾਈਲਾਂ, 23 ਕਰੂਜ਼ ਮਿਜ਼ਾਈਲਾਂ ਅਤੇ 2,085 ਯੂਏਵੀ ਨੂੰ ਰੋਕਿਆ ਹੈ।ਇਨ੍ਹਾਂ ਹਮਲਿਆਂ ਦੇ ਨਤੀਜੇ ਵਜੋਂ ਹਥਿਆਰਬੰਦ ਬਲਾਂ ਦੇ ਦੋ ਮੈਂਬਰ ਸ਼ਹੀਦ ਹੋ ਗਏ ਜੋ ਆਪਣਾ ਰਾਸ਼ਟਰੀ ਫਰਜ਼ ਨਿਭਾ ਰਹੇ ਸਨ। ਇਸ ਤੋਂ ਇਲਾਵਾ ਹਥਿਆਰਬੰਦ ਬਲਾਂ ਨਾਲ ਜੁੜੇ ਇੱਕ ਮੋਰੱਕੋ ਦੇ ਨਾਗਰਿਕ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪਾਕਿਸਤਾਨੀ, ਨੇਪਾਲੀ, ਬੰਗਲਾਦੇਸ਼ੀ, ਫਲਸਤੀਨੀ ਅਤੇ ਭਾਰਤੀ ਨਾਗਰਿਕਾਂ ਵਿੱਚੋਂ ਨੌਂ ਮੌਤਾਂ ਹੋਈਆਂ ਹਨ।