ਦਿੱਲੀ ਦੇ ਜੰਤਰ-ਮੰਤਰ ‘ਤੇ ‘ਕੌਕਰੋਚ ਜਨਤਾ ਪਾਰਟੀ’ (CJP) ਦੇ ਕਾਰਕੁਨਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਤਿੱਖੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਬਹਿਸ ਤੋਂ ਬਾਅਦ ਧੱਕਾ-ਮੁੱਕੀ ਹੋਈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਹਾਲਾਂਕਿ, ਇਹ ਝੜਪ ਕਿਸ ਗੱਲ ਨੂੰ ਲੈ ਕੇ ਹੋਈ, ਇਸ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੌਜੂਦਾ ਹਾਲਾਤ ਨੂੰ ਦੇਖਦਿਆਂ ਪੂਰੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਦੀ ਦੇਰ ਰਾਤ ਜਦੋਂ ਸਿੱਖ ਸੰਗਠਨਾਂ ਦੇ ਲੋਕ ਦਿੱਲੀ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਉਤਸ਼ਾਹ ਵਿੱਚ ‘ਪੰਜਾਬੀ ਆ ਗਏ ਓਏ’ ਦੇ ਨਾਅਰੇ ਲਾਏ। ਸਿੱਖ ਸੰਗਠਨਾਂ ਦੇ ਨਾਲ ਮਿਲ ਕੇ ਪ੍ਰਦਰਸ਼ਨਕਾਰੀਆਂ ਨੇ ਵੀ ‘ਸਤਿਨਾਮ ਵਾਹਿਗੁਰੂ’ ਦਾ ਜਾਪ ਸ਼ੁਰੂ ਕਰ ਦਿੱਤਾ।
ਨਿਹੰਗ ਸਿੰਘ ਗੱਡੀਆਂ ਦੀਆਂ ਛੱਤਾਂ ਅਤੇ ਬੋਨਟਾਂ ‘ਤੇ ਬੈਠ ਕੇ ਜੰਤਰ-ਮੰਤਰ ਪਹੁੰਚੇ, ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਨੌਜਵਾਨਾਂ ਨੇ ਪੰਜਾਬੀ ਗੀਤ ਵੀ ਗਾਏ ਅਤੇ ਨਾਲ ਹੀ ਚਾਦਰਾਂ ਤੇ ਕੰਬਲ ਵੰਡੇ। ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਨਿਹੰਗ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮਾਵਾਂ-ਭੈਣਾਂ ਦੀ ਇੱਜ਼ਤ ‘ਤੇ ਕੋਈ ਆਂਚ ਆਈ, ਤਾਂ ਉਹ ਕਿਸੇ ਨੂੰ ਵੀ ਬਖਸ਼ਣਗੇ ਨਹੀਂ। ਦੂਜੇ ਪਾਸੇ, ਭਜਨ ਗਾਇਕ ਕਨ੍ਹੱਈਆ ਮਿੱਤਲ ਨੇ ਜੇਨ-ਜ਼ੀ ਨੌਜਵਾਨਾਂ ਲਈ ਗੀਤ ਗਾਇਆ। ਉਨ੍ਹਾਂ ਨੇ ਕਿਹਾ- “ਜਾਗੋ-ਜਾਗੋ ਜੈਨ-ਜੀ, ਨੀਟ ਦਾ ਪੇਪਰ ਲੀਕ ਹੋਇਆ ਹੈ ਜੰਤਰ-ਮੰਤਰ ਭੱਜੋ, ਨੇਤਾ ਜੀ ਬਰਗਰ ਖਾਣ, ਤੁਸੀਂ ਡੰਡੇ ਖਾਣ ਭੱਜੋ।”
