ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਉਡਾਣ ਦੌਰਾਨ ਕਥਿਤ ਤੌਰ ‘ਤੇ ਹੋਏ ਤਜਰਬੇ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਅਦਾਇਗੀ ਕੀਤੀ ਸੀ ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਵਿੱਚ ਸੀਟ ਦਿੱਤੀ ਗਈ।
ਗਿੱਪੀ ਗਰੇਵਾਲ ਮੁਤਾਬਕ ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ ਤੋਂ ਸੀਟ ਬਦਲਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜਿਹਾ ਹੋ ਗਿਆ ਹੈ ਤੇ ਇਸ ਸਬੰਧੀ ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਗਿੱਪੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਾਂ ਤਾਂ ਉਡਾਣ ਵਿੱਚ ਸਫ਼ਰ ਕਰਨ ਜਾਂ ਫਿਰ ਜਹਾਜ਼ ਤੋਂ ਉਤਰ ਜਾਣ ਲਈ ਕਿਹਾ ਗਿਆ। ਉਨ੍ਹਾਂ ਅਨੁਸਾਰ ਸਥਿਤੀ ਬਾਰੇ ਵਾਰ-ਵਾਰ ਪੁੱਛਣ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ ਗਿਆ। ਗਿੱਪੀ ਨੇ ਆਪਣੀ ਪੋਸਟ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਉਹ ਏਅਰਲਾਈਨ ਤੋਂ ਕਿਸੇ ਵਾਧੂ ਸਹੂਲਤ ਜਾਂ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸਿਰਫ਼ ਇਹ ਸੀ ਕਿ ਜਿਸ ਬਿਜ਼ਨਸ ਕਲਾਸ ਸੀਟ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਸੀ, ਉਹ ਸੀਟ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਸੀਟ ਬਦਲਣ ਦਾ ਕਾਰਨ ਦੱਸਿਆ ਜਾਵੇ।
