ਜਲੰਧਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਮੀ ਜਲੰਧਰ ਦੇ ਬਰਲਟਨ ਪਾਰਕ ਸਟੇਡੀਅਮ ਦਾ ਨਿਰੀਖਣ ਕੀਤਾ ਤਾਂ ਜੋ ਆਗਾਮੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਪੁਖ਼ਤਾ ਸੁਰੱਖਿਆ, ਸੁਚੱਜੀ ਆਵਾਜਾਈ ਅਤੇ ਭੀੜ ਪ੍ਰਬੰਧਨ ਦੇ ਵਿਆਪਕ ਇੰਤਜ਼ਾਮ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਦਿਨ ਵੇਲੇ ਚੰਡੀਗੜ੍ਹ ਵਿਖੇ ਉੱਚ ਪੱਧਰੀ ਸਮੀਖਿਆ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਡੀਅਮ ਦਾ ਦੌਰਾ ਕਰ ਕੇ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨੀਕਰਨ ਦੇ ਕੰਮਾਂ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਤੇ ਦਰਸ਼ਕਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਪ੍ਰਗਤੀ ਦਾ ਨਿੱਜੀ ਤੌਰ ‘ਤੇ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਿਆਰੀਆਂ ਦਾ ਹਰ ਪਹਿਲੂ ਵਿਸ਼ਵ ਪੱਧਰ ‘ਤੇ ਪੰਜਾਬ ਦੀ ਅਮੀਰ ਖੇਡ ਵਿਰਾਸਤ ਅਤੇ ਸੰਗਠਨਾਤਮਕ ਸਮਰੱਥਾ ਨੂੰ ਦਰਸਾਉਂਦਾ ਹੋਣਾ ਚਾਹੀਦਾ ਹੈ।
ਦਰਸ਼ਕਾਂ ਦੀ ਸੁਰੱਖਿਆ ਅਤੇ ਸੁੱਖ-ਸਹੂਲਤ ਨੂੰ ਮੁੱਖ ਤਰਜੀਹ ਦੇਣ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਵੱਕਾਰੀ ਅੰਤਰਰਾਸ਼ਟਰੀ ਖੇਡ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪੰਜਾਬ ਨੂੰ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰਨੇ ਚਾਹੀਦੇ ਹਨ ਅਤੇ ਹਰ ਪ੍ਰਬੰਧ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ।”
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਭੀੜ ਪ੍ਰਬੰਧਨ ਲਈ ਇੱਕ ਵਿਆਪਕ ਯੋਜਨਾ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ, “ਦਰਸ਼ਕਾਂ ਦੀ ਸਹੂਲਤ, ਸੁਰੱਖਿਆ ਅਤੇ ਆਰਾਮ ਸਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਮੈਚਾਂ ਤੋਂ ਪਹਿਲਾਂ, ਮੈਚਾਂ ਦੌਰਾਨ ਜਾਂ ਬਾਅਦ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਅਸੀਂ ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਖਿਡਾਰੀਆਂ, ਅਧਿਕਾਰੀਆਂ, ਦਰਸ਼ਕਾਂ ਅਤੇ ਸੈਲਾਨੀਆਂ ਨੂੰ ਸ਼ਾਨਦਾਰ ਤਜਰਬਾ ਦੇਣ ਲਈ ਵਚਨਬੱਧ ਹਾਂ। ਹਰ ਪ੍ਰਬੰਧ ਵਿੱਚ ਪੇਸ਼ੇਵਰ ਕੁਸ਼ਲਤਾ ਅਤੇ ਮਹਿਮਾਨਨਿਵਾਜ਼ੀ ਦੇ ਉੱਚਤਮ ਮਾਪਦੰਡ ਝਲਕਣੇ ਚਾਹੀਦੇ ਹਨ।”
