ਜਲੰਧਰ, ਇੱਥੇ ਚੱਲ ਰਹੇ 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਡੀਅਨ ਆਇਲ ਮੁੰਬਈ, ਸੀਏਜੀ ਦਿੱਲੀ, ਰੇਲ ਕੋਚ ਫੈਕਟਰੀ (ਆਰ.ਸੀ.ਐੱਫ.) ਕਪੂਰਥਲਾ ਅਤੇ ਪੰਜਾਬ ਪੁਲਿਸ ਜਲੰਧਰ ਦੀਆਂ ਟੀਮਾਂ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਪਹਿਲੇ ਕੁਆਰਟਰ ਫਾਈਨਲ ਵਿੱਚ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 2-1 ਨਾਲ ਹਰਾਇਆ। ਇੰਡੀਅਨ ਆਇਲ ਵੱਲੋਂ ਨਵਰਾਜ ਸਿੰਘ ਨੇ 9ਵੇਂ ਮਿੰਟ ਅਤੇ ਐੱਸ.ਕੇ. ਉਥੱਪਾ ਨੇ 29ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤੇ, ਜਦਕਿ ਪੰਜਾਬ ਨੈਸ਼ਨਲ ਬੈਂਕ ਵੱਲੋਂ ਗੁਰਸਿਮਰਨ ਸਿੰਘ ਨੇ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ।
ਇੱਕ ਹੋਰ ਰੋਮਾਂਚਕ ਕੁਆਰਟਰ ਫਾਈਨਲ ਵਿੱਚ ਸੀਏਜੀ ਦਿੱਲੀ ਅਤੇ ਇੰਡੀਅਨ ਏਅਰ ਫੋਰਸ ਦੀਆਂ ਟੀਮਾਂ ਨਿਰਧਾਰਤ ਸਮੇਂ ਤੱਕ 1-1 ਦੀ ਬਰਾਬਰੀ ‘ਤੇ ਰਹੀਆਂ। ਇੰਡੀਅਨ ਏਅਰ ਫੋਰਸ ਵੱਲੋਂ ਪ੍ਰਦੀਪ ਨੇ 16ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ, ਜਦਕਿ ਸੀਏਜੀ ਦਿੱਲੀ ਵੱਲੋਂ ਗਣੇਸ਼ ਮਾਜੀ ਨੇ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਬਰਾਬਰੀ ਕੀਤੀ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਸੀਏਜੀ ਦਿੱਲੀ ਨੇ 3-2 ਨਾਲ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅੱਜ ਖੇਡੇ ਗਏ ਤੀਜੇ ਕੁਆਰਟਰ ਫਾਈਨਲ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਭਾਰਤ ਪੈਟਰੋਲੀਅਮ ਦੀ ਟੀਮ ਨੂੰ 3-0 ਨਾਲ ਕਰਾਰੀ ਮਾਤ ਦਿੱਤੀ। ਆਰ.ਸੀ.ਐੱਫ. ਵੱਲੋਂ ਸਿਮਰਨਜੋਤ ਸਿੰਘ ਨੇ 16ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਯੋਗੰਬਰ ਰਾਵਤ ਨੇ 21ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਰਾਹੀਂ ਦੂਜਾ ਗੋਲ ਕੀਤਾ, ਜਦਕਿ ਸੁਦਰਸ਼ਨ ਸਿੰਘ ਨੇ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਦੀ ਜਿੱਤ 3-0 ਨਾਲ ਯਕੀਨੀ ਬਣਾਈ।
ਚੌਥੇ ਕਵਾਰਟਰ ਫਾਇਨਲ ਵਿੱਚ ਪੰਜਾਬ ਪੁਲਿਸ ਜਲੰਧਰ ਵਲੋਂ ਖੇਡ ਦੇ 12ਵੇਂ ਮਿੰਟ ਵਿੱਚ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ 24ਵੇਂ ਮਿੰਟ ਵਿਚ ਪੁਲਿਸ ਵਲੋਂ ਦਿਲਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 47ਵੇਂ ਮਿੰਟ ਵਿੱਚ ਸਿੰਧ ਬੈਂਕ ਦੇ ਅਰੁਣਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 1-2 ਕੀਤਾ। ਖੇਡ ਦੇ 48ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ 54ਵੇਂ ਮਿੰਟ ਵਿੱਚ ਪੁਲਿਸ ਵਲੋਂ ਉਲੰਪੀਅਨ ਧਰਮਵੀਰ ਸਿੰਘ ਨੇ ਗੋਲ ਕਰਕੇ ਸਕੋਰ 4-1 ਕੀਤਾ।ਖੇਡ ਦੇ 58ਵੇਂ ਮਿੰਟ ਵਿੱਚ ਬੈਂਕ ਦੇ ਬਿਕਰਮਜੀਤ ਸਿੰਘ ਨੇ ਗੋਲ ਕਰਕੇ ਸਕੋਰ 2-4 ਕੀਤਾ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਪ੍ਰਦੀਪ ਕੁਮਾਰ ਇੰਡੀਅਨ ਆਇਲ, ਉਲੰਪੀਅਨ ਬਲਵਿੰਦਰ ਸ਼ੰਮੀ, ਵਰਿੰਦਰਪਾਲ ਸਿੰਘ ਡੀਜੀਐਮ ਪੰਜਾਬ ਐਂਡ ਸਿੰਧ ਬੈਂਕ, ਲਖਵਿੰਦਰ ਪਾਲ ਸਿੰਘ ਖਹਿਰਾ, ਉਪਿੰਦਰਜੀਤ ਸਿੰਘ ਘੁੰਮਣ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।
ਇਸ ਮੌਕੇ ਤੇ ਮੁਖਵਿੰਦਰ ਸਿੰਘ, ਤਰਲੋਕ ਸਿੰਘ ਭੁੱਲਰ, ਉਲੰਪੀਅਨ ਰਜਿੰਦਰ ਸਿੰਘ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਰਾਮ ਪ੍ਰਤਾਪ, ਐਲ ਆਰ ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਟੁੱਟ, ਹਰਿੰਦਰ ਸਿੰਘ ਸੰਘਾ, ਗੌਰਵ ਅਗਰਵਾਲ, ਸਿਮਰਪ੍ਰੀਤ ਬਾਠਲਾ, ਮਨਦੀਪ ਸਿੰਘ ਘੁੰਮਣ, ਵਰਿੰਦਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
